ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਪਿੰਡ ਮਹਿਮੂਦਪੁਰਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਸਿੱਧੇ ਤੇ ਅਸਿੱਧੇ ਤੌਰ ਤੇ ਬਲਾਕ ਭਿੱਖੀਵਿੰਡ ਅਤੇ ਬਲਾਕ ਵਲਟੋਹਾ ਦੇ ਵੀਡੀਓ ਅਤੇ ਪੰਚਾਇਤ ਸੈਕਟਰੀਆਂ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਚਾਇਤ ਸੈਕਟਰੀ ਅਤੇ ਇਨ੍ਹਾਂ ਦੋਵਾਂ ਬਲਾਕਾਂ ਦੇ ਬੀਡੀਪੀਓ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਕਾਂਗਰਸੀ ਸਰਪੰਚਾਂ ਅਤੇ ਪੰਚਾਂ ਨੂੰ ਡਰਾਉਣ ਲਈ ਨੋਟਿਸ ਭੇਜ ਰਹੇ ਹਨ।
ਇਸ ਸਬੰਧੀ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਬਲਾਕ ਭਿੱਖੀਵਿੰਡ ਅਧੀਨ ਪੈਂਦੀਆਂ 92 ਪੰਚਾਇਤਾਂ ਅਤੇ ਬਲਾਕ ਵਲਟੋਹਾ ਵਿੱਚ ਪੈਂਦੀਆਂ 78 ਪੰਚਾਇਤਾਂ ਵਿੱਚੋਂ ਵਲਟੋਹਾ ਦੇ 52 ਪੰਚਾਇਤਾਂ ਅਤੇ ਭਿੱਖੀਵਿੰਡ ਬਲਾਕ ਦੇ 68 ਪੰਚਾਇਤਾਂ ਨੂੰ ਮੌਜੂਦਾ ਬੀਡੀਪੀਓ ਅਤੇ ਅਫ਼ਸਰਾਂ ਵੱਲੋਂ ਨੋਟਿਸ ਕੱਢ ਕੇ ਇਹ ਕਿਹਾ ਗਿਆ ਹੈ ਕਿ ਪਿੰਡਾਂ ਵਿੱਚ ਰਹਿੰਦੇ ਅਧੂਰੇ ਕੰਮਾਂ ਨੂੰ ਮੁਕੰਮਲ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਯੂਸੀ ਲੈ ਕੇ ਉਨ੍ਹਾਂ ਨੂੰ ਬਲਾਕ ਵਿਚ ਦਿੱਤਾ ਜਾਵੇ।
ਭੁੱਲਰ ਨੇ ਕਿਹਾ ਕਿ ਇਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਹੀ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਤੇ ਮੁਕੰਮਲ ਰੋਕ ਲਾ ਦਿੱਤੀ ਹੈ ਕਿ ਕੋਈ ਵੀ ਖਾਤਿਆਂ ਵਿੱਚੋਂ ਪੈਸਾ ਨਾ ਕਢਵਾਇਆ ਜਾਵੇ ਅਤੇ ਦੂਜੇ ਪਾਸੇ ਨੋਟਿਸ ਕੱਢ ਕੇ ਕਾਂਗਰਸੀ ਸਰਪੰਚਾਂ ਨੂੰ ਕੰਮ ਮੁਕੰਮਲ ਕਰਨ ਲਈ ਕਿਹਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਚਾਲ ਬਦਲਾਅ ਵਾਲੀ ਨਹੀਂ ਸਗੋਂ ਰੰਜਿਸ਼ ਵਾਲੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇਕ ਹੀ ਟੀਚਾ ਹੈ ਕਿ ਇਹ ਨੋਟਿਸ ਕੱਢ ਕੇ ਇਨ੍ਹਾਂ ਸਰਪੰਚਾਂ ਦੇ ਮੈਂਬਰਾਂ ਨੂੰ ਤੋੜਿਆ ਜਾਵੇ ਤਾਂ ਜੋ ਪਿੰਡਾਂ ਵਿਚ ਪ੍ਰਬੰਧਕ ਲਾ ਕੇ ਆਮ ਆਦਮੀ ਪਾਰਟੀ ਪਿੰਡਾਂ ਵਿੱਚ ਕੰਮ ਕਰਵਾਵੇ ਜੋ ਬਿਲਕੁਲ ਗਲਤ ਹੈ।