ਤਰਨ ਤਾਰਨ: ਪੁਲਿਸ ਦੀ ਸੀਆਈਏ ਟੀਮ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀਆਈਏ ਟੀਮ ਵੱਲੋਂ ਨਸ਼ਾ ਤਸਕਰੀ ਦੇ ਵੱਖ-ਵੱਖ 2 ਮਾਮਲਿਆਂ ਵਿੱਚ ਪੰਜ ਮੁਲਜ਼ਮਾਂ ਨੂੰ ਹੈਰੋਇਨ ਤੇ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ।
ਇਸ ਬਾਰੇ ਦੱਸਦੇ ਹੋਏ ਐੱਸਪੀਡੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਨਸ਼ੇ ਨੂੰ ਰੋਕਣ ਸਬੰਧੀ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦਿਆਂ ਸੀਆਈਏ ਟੀਮ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਮਾਮਲੇ 'ਚ ਤਰਨ ਤਾਰਨ-ਅੰਮ੍ਰਿਤਸਰ ਰੋਡ ਉੱਤੇ ਪਿੰਡ ਖੱਬੇ ਡੋਗਰਾਂ ਨੇੜੇ ਨਾਕੇਬੰਦੀ ਦੌਰਾਨ 2 ਮੁਲਜ਼ਮਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਗਿਆ।
ਇਹ ਦੋਵੇਂ ਮੁਲਜ਼ਮ ਨਸ਼ਾ ਤਸਕਰੀ ਦੇ ਨਾਲ-ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਸਨ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਤੇ ਵਿਕਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੀ ਇੱਕ ਪਿਸਟਲ,ਚਾਰ ਜਿੰਦਾ ਕਾਰਤੂਸ ਤੇ 32 ਬੋਰ ਦੀ ਇੱਕ ਰਿਵਾਲਵਰ ਸਣੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਵਿਕਰਮ ਕੋਲੋਂ 32 ਬੋਰ ਦੀ ਇੱਕ 1 ਦੇਸੀ ਪਿਸਟਲ, 4 ਜਿੰਦਾ ਕਾਰਤੂਸ, ਇੱਕ ਰਾਈਫਲ ਅਤੇ ਇੱਕ 12 ਬੋਰ ਰਾਈਫਲ ਸਣੇ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।