ਤਰਨਤਾਰਨ:ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਵਿੱਚ ਪਿੰਡ ਸਭਰਾਂ ਦੇ ਹੀ ਡਿਪੂ ਹੋਲਡਰ ਵੱਲੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਘਪਲੇਬਾਜ਼ੀ ਦਾ ਪਰਦਾਫਾਸ਼ ਹੋਇਆ। ਇਸ ਪਰਦਾਫਾਸ਼ ਉਸ ਸਮੇਂ ਪਤਾ ਚੱਲਿਆ ਜਦੋਂ ਲੋਕਾਂ ਨੇ ਆਪਣੀ ਪਰਚੀ 30 ਕਿੱਲੋ ਦੇ ਹਿਸਾਬ ਨਾਲ ਕੰਪਿਊਟਰ ਮਸ਼ੀਨ ਵਿਚੋਂ ਕੱਢੀ ਅਤੇ ਡਿੱਪੂ ਹੋਲਡਰ ਵੱਲੋਂ ਕਾਲੇ ਸਕੈੱਚ ਨਾਲ 30 ’ਤੇ 26 ਕੀਤਾ ਜਾ ਰਿਹਾ ਸੀ ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜੱਜਬੀਰ ਸਿੰਘ ਜਸਵਿੰਦਰ ਸਿੰਘ ਰਮਨ ਕੌਰ ਨੇ ਦੱਸਿਆ ਕਿ ਪਿੰਡ ਦਾ ਡਿਪੂ ਹੋਲਡਰ ਰਮਨਦੀਪ ਸਿੰਘ ਜੋ ਦਲਜੀਤ ਕੌਰ ਦੇ ਨਾਂ ’ਤੇ ਡਿੱਪੂ ਚਲਾ ਰਿਹਾ ਹੈ ਉਸ ਵੱਲੋਂ ਮਹਿਕਮੇ ਦੇ ਇਕ ਅਧਿਕਾਰੀ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਦੀਆਂ ਤੀਹ ਕਿੱਲੋ ਦੇ ਹਿਸਾਬ ਨਾਲ ਕੰਪਿਊਟਰ ਵਿੱਚੋਂ ਪਰਚੀਆਂ ਕੱਢੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਡਿੱਪੂ ਹੋਲਡਰ ਰਮਨਦੀਪ ਸਿੰਘ ਉਨ੍ਹਾਂ ਪਰਚੀਆਂ ਨੂੰ ਲੋਕਾਂ ਤੋਂ ਫੜ ਕੇ ਉਸ ’ਤੇ 30 ਕਿਲੋ ਦੀ ਬਜਾਏ ਉਸ ਤੇ ਪ੍ਰਤੀ ਮੈਂਬਰ 26 ਕਿੱਲੋ ਕਣਕ ਲਿਖ ਰਿਹਾ ਸੀ ਜਿਸ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜੰਮ ਕੇ ਡਿੱਪੂ ਹੋਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਸਬੰਧੀ ਡਿਪੂ ਹੋਲਡਰ ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਿਕਮੇ ਦੇ ਅਧਿਕਾਰੀ ਇੰਸਪੈਕਟਰ ਨੇ ਹੀ ਇਸ ਤਰੀਕੇ ਨਾਲ ਪਰਚੀਆਂ ਕੱਟਣ ਲਈ ਕਿਹਾ ਗਿਆ ਸੀ ਅਸੀਂ ਆਪਣੀ ਮਰਜ਼ੀ ਨਾਲ ਪਰਚੀਆਂ ਨਹੀਂ ਕੱਟ ਰਹੇ।