ਤਰਨਤਾਰਨ:ਪੰਜਾਬ ਵਿੱਚ ਸੱਤਾ 'ਤੇ ਕਾਬਜ਼ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਬਦਲਾਅ ਦਾ ਨਾਅਰਾ ਬੁਲੰਦ ਕਰਦਿਆਂ ਪੂਰੇ ਸੂਬੇ ਭਰ ਵਿੱਚ ਸਰਕਾਰ ਬਣਦਿਆਂ ਸਾਰ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਸਪਲਾਈ ਦੀ ਹੋ ਰਹੀ ਅਣਗਿਣਤ ਚੋਰੀ ਨੂੰ ਰੋਕਣ ਲਈ ਰੋਜ਼ਾਨਾ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਰ ਬਿਜਲੀ ਵਿਭਾਗ ਵੱਲੋਂ ਜਾਰੀ ਸਖਤ ਹਦਾਇਤਾਂ ਦੀ ਵਿਭਾਗ ਦੇ ਅਧਿਕਾਰੀ ਕਿੰਨੀ ਕ ਪਾਲਣਾ ਕਰਦੇ ਹਨ । ਇਸ ਦੀ ਤਾਜ਼ਾ ਮਿਸਾਲ ਉਪ ਮੰਡਲ ਦਫ਼ਤਰ ਖਾਲੜਾ ਤੋਂ ਸਾਹਮਣੇ ਆਉਂਦੀ ਹੈ। ਜਿੱਥੇ ਬਿਜਲੀ ਦਫਤਰ ਅੰਦਰ ਚਾਹ ਬਣਾਉਣ ਲਈ ਅਧਿਕਾਰੀਆਂ ਵੱਲੋਂ ਕਰੀਬ 3000 ਵਾਟ ਦਾ ਹੀਟਰ ਲਗਾਇਆ ਹੋਇਆ ਹੈ। ਇੱਥੇ ਇਹ ਵੀ ਗੱਲ ਦੱਸਣੀ ਬੇਹੱਦ ਜ਼ਰੂਰੀ ਹੈ ਕਿ ਜਿੱਥੇ ਬਿਜਲੀ ਵਿਭਾਗ ਵੱਲੋਂ ਮੀਟਰ ਧਾਰਕਾਂ ਨੂੰ ਆਪਣਾ ਲੋਡ ਵਧਾਉਣ ਲਈ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ। ਉੱਥੇ ਹੀ ਖਾਲੜਾ ਬਿਜਲੀ ਵਿਭਾਗ ਦੇ ਦਫਤਰ ਅਧਿਕਾਰੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ 3000 ਵਾਟ ਦੇ ਹੀਟਰ 'ਤੇ ਚਾਹ ਬਣਾ ਕੇ ਪੀਐੱਸਪੀਸੀਐੱਲ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ ਹੈ। ਜਦਕਿ ਵਿਭਾਗ ਵੱਲੋਂ ਆਪਣੇ ਦਫ਼ਤਰ ਦੇ ਬਿਜਲੀ ਸਪਲਾਈ ਦੇ ਲੋਡ਼ ਵੱਲ ਵੀ ਧਿਆਨ ਨਹੀਂ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਐੱਸਡੀਓ ਬੂਟਾ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਾਲੜਾ ਦੀ ਐੱਸਡੀਓ ਛੁੱਟੀ 'ਤੇ ਹਨ ਅਤੇ ਉਸ ਦਾ ਚਾਰਜ ਉਨ੍ਹਾਂ ਕੋਲ ਹੈ। ਪਰ ਦਫ਼ਤਰ ਵਿੱਚ ਹੀਟਰ ’ਤੇ ਚਾਹ ਬਣਦੀ ਹੈ। ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਨਗੇ।