ਤਰਨਤਾਰਨ: ਈਦ ਉਲ ਫਿਤਰ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਈਦ ਉਲ ਫਿਤਰ ਦੀ ਨਮਾਜ਼ ਪੂਰੇ ਮੁਸਲਿਮ ਭਾਈਚਾਰੇ ਵੱਲੋਂ ਅਦਾ ਕੀਤੀ ਗਈ। ਤਰਨਤਾਰਨ ਦੇ ਪਿੰਡ ਪਹੂਵਿੰਡ ਦੀ ਮਸਜਿਦ ਸ਼ਰੀਫ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਨਮਾਜ ਅਦਾ ਕੀਤੀ ਗਈ।
ਇਸ ਦੌਰਾਨ ਅਨਵਰ ਖਾਨ ਨੇ ਦੱਸਿਆ ਕਿ ਦੁਨੀਆਂ ਭਰ ਦੇ ਦੇਸ਼ਾਂ ਵਿਚੋ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਧਰਮਾਂ,ਜਾਤਾਂ ਦੇ ਲੋਕ ਬਹੁਤ ਹੀ ਪਿਆਰ ਨਾਲ ਆਪਸ ਵਿਚ ਮਿਲ-ਜੁਲ ਕੇ ਰਹਿੰਦੇ ਹਨ ਅਤੇ ਇਕ ਦੂਸਰੇ ਦੇ ਧਾਰਮਿਕ ਤਿਉਹਾਰਾਂ ਨੂੰ ਬੜੀ ਹੀ ਸ਼ਰਧਾ ਨਾਲ ਮਨਾਉਂਦੇ ਹਨ। ਆਪਸੀ ਭਾਈਚਾਰਕ ਸਾਂਝ ਹੀ ਸਾਡੇ ਦੇਸ਼ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਂਦੀ ਹੈ। ਇਸੇ ਭਾਈਚਾਰਕ ਸਾਂਝ ਨੂੰ ਬਰਕਰਾਰ ਰਖਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ ਆਪਸੀ ਪਿਆਰ-ਮੁਹੱਬਤ ਦੇ ਪ੍ਰਤੀਕ ਪਵਿੱਤਰ ਤਿਉਹਾਰ ਈਦ-ਉਲ-ਫਿਤਰ ਨੂੰ ਸਭ ਧਰਮਾਂ ਦੇ ਲੋਕਾਂ ਨਾਲ ਮਿਲ-ਜੁਲ ਕੇ ਮਨਾਉਂਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ‘ਈਦ‘ ਦਾ ਅਰਥ ਹੈ ਖੁਸ਼ੀ ਦਾ ਦਿਨ ਤੇ ‘ਫਿਤਰ‘ ਦਾ ਅਰਥ ਹੈ ਰੋਜ਼ੇ ਖੋਲਣੇ ਜਾ ਮੁਕੰਮਲ ਹੋਣੇ। ਮੁਸਲਮਾਨ ਭਾਈਚਾਰਾ ਈਦ-ਉਲ-ਫਿਤਰ ਨੂੰ ਮਨਾਉਣ ਦੇ ਲਈ ਰਮਜ਼ਾਨ ਦੇ ਮਹੀਨੇ ਪੂਰੇ ਇਕ ਮਹੀਨੇ ਦੇ ਰੋਜ਼ੇ ਰਖਣ ਤੋਂ ਈਦ ਦਾ ਚੰਦ ਨਜ਼ਰ ਆਉਣ ਤੇ ਉਸਦੇ ਅਗਲੇ ਦਿਨ ਚੰਦ ਦੀ ਪਹਿਲੀ ਤਾਰੀਕ ਨੂੰ ਮਨਾਉਂਦੇ ਹਨ।
ਰੱਖੇ ਜਾਂਦੇ ਹਨ ਰੋਜ਼ੇ: ਅਨਵਰ ਨੇ ਅੱਗੇ ਦੱਸਿਆ ਕਿ ਰਮਜ਼ਾਨ ਦੇ ਪੂਰੇ ਮਹੀਨੇ ਹਰ ਇਕ ਬਾਲਿਗ ਮਰਦ ‘ਤੇ ਔਰਤ ਰੋਜ਼ੇ ਰਖਦੇ ਹਨ,ਪੰਜ ਵਖ਼ਤ ਦੀ ਨਮਾਜ਼ ਪੜ੍ਹਦੇ ਹਨ ‘ਤੇ ਰਾਤ ਨੂੰ ‘ਤਰਾਬੀਹ‘ ਦੀ ਨਮਾਜ਼ ਜੋ ਖਾਸ ਕਰਕੇ ਇਸੇ ਮਹੀਨੇ ਪੜ੍ਹੀ ਜਾਂਦੀ ਹੈ। ਈਦ ਵਾਲੇ ਦਿਨ ਮੁਸਲਮਾਨ ਭਾਈਚਾਰੇ ਦੇ ਲੋਕ ਨਵੇਂ-ਨਵੇਂ ਕਪੜੇ ਪਾਕੇ ਇਤਰ (ਖੁਸ਼ਬੂ) ਲਗਾ ਕੇ ਆਪਣੇ ਇਲਾਕੇ ਦੀ ਨਜ਼ਦੀਕੀ ਮਸਜ਼ਿਦ ‘ਚ ਜਾ ਕੇ ਨਮਾਜ਼ ਅਦਾ ਕਰਦੇ ਹਨ।
ਸਾਰੇ ਇੱਕਠੇ ਪੜਦੇ ਹਨ ਨਮਾਜ਼: ਈਦ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਹਰ ਇਕ ਮੁਸਲਮਾਨ ਤੇ ਵਾਜੀਵ (ਫਰਜ਼) ਹੈ ਕਿ ਆਪਣੀ ਆਮਦਨ ਮੁਤਾਬਕ ਦਾਨ ਦੇਵੇ ਜਿਸਨੂੰ ਜ਼ਕਾਤ ਕਹਿੰਦੇ ਹਨ।ਇਹ ਜ਼ਕਾਤ ਈਦ ਦੀ ਨਮਾਜ਼ ਤੋਂ ਪਹਿਲਾਂ ਜ਼ਰੂਰਤਮੰਦ ਲੋਕਾਂ ‘ਚ ਵੰਡੀ ਜਾਂਦੀ ਹੈ ਤਾਂ ਜੋ ਉਹ ਵੀ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾ ਸਕਣ ਈਦ ਦੀ ਨਮਾਜ਼ ਪੜ੍ਹਨ ਲਈ ਮੁਸਲਮਾਨ ਭਰਾ ਈਦਗਾਹ ਜਾ ਕਿਸੇ ਖੁਲੇ ਮੈਦਾਨ ‘ਚ ਲੰਮੀਆਂ-ਲੰਮੀਆਂ ਕਤਾਰਾਂ ‘ਚ ਬਿਨਾ ਕਿਸੇ ਭੇਦਭਾਵ,ਜਾਤਪਾਤ ਤੇ ਅਮੀਰ ਗਰੀਬ ਤੋਂ ਰਹਿਤ ਇਕਠੇ ਹੋ ਕੇ ਈਦ ਦੀ ਨਮਾਜ਼ ਪੜ੍ਹਦੇ ਹਨ।
ਇੱਕ ਦੂਜੇ ਨੂੰ ਗਲ ਲੱਗ ਕੇ ਦਿੰਦੇ ਹਨ ਵਧਾਈਆਂ: ਉਨ੍ਹਾਂ ਇਹ ਵੀ ਦੱਸਿਆ ਕਿ ਨਾਮਜ਼ ਪੜ੍ਹਨ ਤੋਂ ਬਾਅਦ ਸਾਰੇ ਨਮਾਜ਼ੀ ਇਕ ਦੂਜੇ ਦੇ ਗਲੇ ਮਿਲਦੇ ਹਨ ਜਿਸ ਨਾਲ ਆਪਸੀ ਭਾਈਚਾਰਾ ਵਧਦਾ ਹੈ। ਨਾਲ ਹੀ ਉਨ੍ਹਾਂ ਨੇ ਇਸ ਪਵਿਤਰ ਮਹੀਨੇ ‘ਤੇ ਇਸ ਪਵਿਤਰ ਤਿਉਹਾਰ ਈਦ ਤੇ ਇਹ ਦੁਆ ਕਰਦੇ ਹੋਏ ਕਿਹਾ ਕਿ ਭਾਰਤ ਦੇਸ਼ ਦੀ ਤੱਰਕੀ ਲਈ ਸਾਡਾ ਇਹ ਆਪਸੀ ਭਾਈਚਾਰਾ ਇਸੇ ਤਰਾਂ ਬਣਿਆ ਰਹੇ ‘ਤੇ ਇਸ ਦੇਸ਼ ਦੇ ਹਰ ਇਕ ਨਾਗਰਿਕ ਲਈ ਇਹ ਪਵਿੱਤਰ ਤਿਉਹਾਰ ਖੁਸ਼ੀਆਂ ਲੈ ਕੇ ਆਵੇ।
ਇਹ ਵੀ ਪੜੋ:ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ, ਨਫਰਤ ਲਈ ਕੋਈ ਥਾਂ ਨਹੀਂ- ਸੀਐੱਮ ਮਾਨ