ਤਰਨਤਾਰਨ: ਤਰਨਤਾਰਨ ਦੇ ਪਿੰਡ ਢੋਟੀਆ ਵਿਖੇ 23 ਮਈ ਦੀ ਰਾਤ ਨੂੰ ਇੱਕੋਂ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ 'ਤੇ ਅਣਪਛਾਤੇ ਲੋਕਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਕੁਝ ਲੋਕਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਜਲਦ ਹੀ ਗ੍ਰਿਫ਼ਤਾਰੀ ਦਾ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ, ਪਰ ਘਟਨਾ ਦੇ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਹਨ।
ਦੱਸ ਦਈਏ ਕਿ ਉਕਤ ਘਟਨਾ ਮੌਕੇ ਦਲਬੀਰ ਸਿੰਘ ਦੀ ਛੋਟੀ ਲੜਕੀ 6 ਸਾਲਾਂ ਜਸ਼ਨਪ੍ਰੀਤ ਕੌਰ 'ਤੇ ਵੀ ਹਮਲਾਵਰਾਂ ਵੱਲੋਂ ਕਾਤਿਲਾਨਾ ਹਮਲਾ ਕੀਤਾ ਗਿਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਬੱਚ ਗਈ ਸੀ, ਜੋ ਅੱਜ ਵੀ ਸਹਿਮੀ ਹੋਈ ਨਜ਼ਰ ਆ ਰਹੀ ਹੈ।
ਮ੍ਰਿਤਕ ਦਲਬੀਰ ਸਿੰਘ ਦੇ ਪਰਿਵਾਰ ਵਿੱਚ ਉਸ ਦੀ 90 ਸਾਲਾਂ ਬਜ਼ੁਰਗ ਮਾਤਾ ਰਤਨ ਕੌਰ ਅਤੇ 6 ਸਾਲਾਂ ਲੜਕੀ ਜਸ਼ਨਪ੍ਰੀਤ ਕੌਰ ਹੀ ਬਚੀ ਹੈ। ਮ੍ਰਿਤਕ ਦਲਬੀਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਐਸ.ਐਸ.ਪੀ. ਦਫ਼ਤਰ ਤਰਨਤਾਰਨ ਦੇ ਬਾਹਰ ਮੀਡੀਆ ਰਾਹੀਂ ਇਨਸਾਫ ਦੀ ਗੁਹਾਰ ਲਗਾਉਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਕਾਤਿਲਾਂ ਬਾਰੇ ਜਾਣਕਾਰੀ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਆਪਣੀ ਜਾਨ ਤੋਂ ਖ਼ਤਰਾ ਹੈ, ਕਿਉਕਿ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।ਜਦੋਂ ਇਸ ਸਬੰਧ ਵਿੱਚ ਤਰਨਤਾਰਨ ਦੇ ਐੱਸ.ਪੀ. (ਇੰਵੈਸਟੀਗੇਸ਼ਨ) ਹਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਹੁਤ ਹੀ ਜਲਦ ਕਾਤਿਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਸੀ ਮਾਮਲਾਪਿੰਡ ਢੋਟੀਆ ਦੇ ਵਾਸੀ ਦਲਬੀਰ ਸਿੰਘ, ਉਸਦੀ ਪਤਨੀ ਲਖਬੀਰ ਕੌਰ ਅਤੇ 14 ਸਾਲਾਂ ਲੜਕੀ ਮਨਜਿੰਦਰ ਕੌਰ ਪਿੰਕੀ ਜਿਨ੍ਹਾਂ ਦਾ 23 ਮਈ ਦੀ ਰਾਤ ਨੂੰ ਕੁਝ ਲੋਕਾਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦਲਬੀਰ ਸਿੰਘ ਦਾ ਜ਼ਮੀਨੀ ਝਗੜਾ ਰਛਪਾਲ ਸਿੰਘ ਵਾਸੀ ਪਿੰਡ ਢੋਟੀਆ ਨਾਲ ਚੱਲ ਰਿਹਾ ਸੀ ਅਤੇ ਅਦਾਲਤ ਵੱਲੋਂ ਉਸ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਸੀ। ਕਤਲ ਵਾਲੀ ਰਾਤ ਤੋਂ ਬਾਅਦ ਮ੍ਰਿਤਕ ਦਲਬੀਰ ਸਿੰਘ ਨੇ ਜ਼ਮੀਨ ਦਾ ਕਬਜ਼ਾ ਲੈਣਾ ਸੀ। ਇਸ ਤੋਂ ਪਹਿਲਾਂ ਹੀ ਰਛਪਾਲ ਸਿੰਘ ਨੇ ਆਪਣੇ ਲੜਕੇ ਹਰਪ੍ਰੀਤ ਸਿੰਘ ਨਾਲ ਕਥਿਤ ਤੌਰ 'ਤੇ ਮਿਲ ਕੇ ਦਲਬੀਰ ਸਿੰਘ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜਿਸ਼ ਰਚੀ ਗਈ, ਜਿਸ ਦੇ ਤਹਿਤ ਰਛਪਾਲ ਸਿੰਘ ਵੱਲੋਂ ਆਪਣੇ ਲੜਕੇ ਨੂੰ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਗਿਆ ਅਤੇ ਵਿਦੇਸ਼ ਜਾਣ ਤੋਂ ਬਾਅਦ ਸੁਪਾਰੀ ਦੇ ਕੇ ਉਕਤ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ।