ਸੰਗਰੂਰ : ਕੋਰੋਨਾ ਵਾਇਰਸ ਦੇ ਚਲਦੇ ਹੁਣ ਤੱਕ ਦੁਨੀਆ ਭਰ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਕਰਫਿਊ ਲਾਇਆ ਗਿਆ ਹੈ ਉੱਥੇ ਹੀ ਸੰਗਰੂਰ ਦੇ ਪਿੰਡ ਢੰਡੌਲੀ ਕਲਾਂ ਦੇ ਲੋਕਾਂ ਨੇ ਇਸ ਮਹਾਂਮਾਰੀ ਤੋਂ ਖ਼ੁਦ ਦੀ ਸੁਰੱਖਿਆ ਲਈ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ।
ਪਿੰਡਵਾਸੀਆਂ ਨੇ ਪਿੰਡ ਕੀਤਾ ਸੀਲ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਤੋਂ ਕੋਈ ਵੀ ਪਿੰਡਵਾਸੀ ਪਿੰਡ ਦੇ ਬਾਹਰ ਨਹੀਂ ਜਾਵੇਗਾ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਐਸਡੀਐਮ ਅਧਿਕਾਰੀ ਤੋਂ ਮੰਜੂਰੀ ਲੈ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ।
ਪਿੰਡ ਦੇ ਸਾਰੇ ਰਸਤੇ ਕੀਤੇ ਸੀਲ
ਪਿੰਡ ਦੇ ਆਉਣ-ਜਾਣ ਵਾਲੇ ਰਸਤਿਆਂ ਉੱਤੇ ਪੂਰੀ ਤਰ੍ਹਾਂ ਪਹਿਰਾ ਲਾ ਦਿੱਤਾ ਗਿਆ ਹੈ। ਡਿਊਟੀ ਸਮੇਂ-ਸਮੇਂ ਸਿਰ ਬਦਲ ਕੇ ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ਵਿੱਚ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸਰਪੰਚ ਨੇ ਕਿਹਾ ਕਿ ਅਜਿਹਾ ਕਰਨਾ ਬੇਹਦ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਦੇ ਲਈ ਪਿੰਡ ਦੀ ਸਫਾਈ, ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਤੇ ਹੱਥਾਂ ਨੂੰ ਸੈਨੇਟਾਈਜ਼ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੇ ਅੰਦਰ ਹੀ ਇੱਕ ਡਿਸਪੈਂਸਰੀ ਖੋਲ੍ਹੀ ਗਈ ਹੈ ਜਿੱਥੇ ਡਾਕਟਰ ਰੋਜ਼ਾਨਾ ਲੋਕਾਂ ਦੀ ਜਾਂਚ ਕਰਦੇ ਹਨ ਤੇ ਲੋਕ ਬਿਮਾਰ ਪੈਣ 'ਤੇ ਦਵਾਈ ਲੈਣ ਪੁਜਦੇ ਹਨ।
ਹੋਰ ਪੜ੍ਹੋ :ਲੋੜਵੰਦ ਚੀਜ਼ਾਂ ਦੀ ਸਪਲਾਈ ਸਬੰਧੀ ਗੁਰਜੀਤ ਔਜਲਾ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ
ਪਿੰਡਵਾਸੀਆਂ ਲਈ ਮੁਫ਼ਤ ਮੈਡੀਕਲ ਸੁਵਿਧਾ
ਪਿੰਡ ਦੀ ਡਿਸਪੈਂਸਰੀ 'ਚ ਡਿਊਟੀ ਦੇਣ ਵਾਲੇ ਡਾਕਟਰਾਂ ਨੇ ਪਿੰਡ ਵਾਸੀਆਂ ਵੱਲੋਂ ਕੋਰੋਨਾ ਵਾਇਰਸ ਦੇ ਵਿਰੁੱਧ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ। ਪਿੰਡ ਵਾਸੀਆਂ ਨੂੰ ਮੁਫਤ ਮੈਡੀਕਲ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰ ਪਿੰਡ ਦੀ ਪੰਚਾਇਤ ਅਜਿਹੇ ਪੁਖ਼ਤਾ ਪ੍ਰਬੰਧ ਕਰ ਲਵੇ ਤਾਂ ਇਸ ਮਹਾਂਮਾਰੀ ਤੋਂ ਨਜਿੱਠਣ 'ਚ ਮਦਦ ਮਿਲੇਗੀ। ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਣ ਤੋਂ ਬਚਾਇਆ ਜਾ ਸਕੇਗਾ।