ਸੰਗਰੂਰ: ਲਹਿਰਾਗਾਗਾ ਦੇ ਪਿੰਡ ਚਾਂਗਲੀ ਬਾਲਾ 'ਚ ਕੁੱਝ ਅਜਿਹੀਆਂ ਔਰਤਾਂ ਹਨ ਜੋ ਜੈਵਿਕ ਸਬਜ਼ੀਆਂ ਦੀ ਖੇਤੀ ਕਰ ਆਪਣਾ ਨਾਂਅ ਚਮਕਾ ਰਹੀਆਂ ਹਨ। ਇਨ੍ਹਾਂ 10 ਔਰਤਾਂ ਦੇ ਸਮੂਹ ਨੇ ਮਿਲ ਕੇ ਪਹਿਲਾਂ ਡੇਢ ਏਕੜ ਰਕਬਾ ਜ਼ਮੀਨ 55,000 ਹਜ਼ਾਰ ਰੁਪਏ ਠੇਕੇ ਉੱਤੇ ਲਈ। ਇਸ ਤੋਂ ਬਾਅਦ ਔਰਤਾਂ ਨੇ ਜੈਵਿਕ ਸਬਜ਼ੀਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ।
ਓਰਗੈਨਿਕ ਖੇਤੀ ਕਰ ਮਹਿਲਾਵਾਂ ਨੇ ਪੇਸ਼ ਕੀਤੀ ਮਿਸਾਲ - sangrur news in punjabi
ਮਹਿਲਾਵਾਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ, ਚਾਹੇ ਫਿਰ ਉਹ ਚੰਨ੍ਹ 'ਤੇ ਜਾਣਾ ਹੋਵੇ ਜਾਂ ਫਿਰ ਖੇਤੀ ਬਾੜੀ ਕਰ ਨਾ ਚਮਕਾਉਣਾ ਹੋਵੇ। ਪਿੰਡ ਚਾਂਗਲੀ ਬਾਲਾ 'ਚ 10 ਔਰਤਾਂ ਨੇ ਮਿਲ ਕੇ ਜੈਵਿਕ ਸਬਜ਼ੀਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ।
ਹਰਬੰਸ ਕੌਰ ਅਤੇ ਬਲਜੀਤ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਮਜ਼ਦੂਰ ਵਜੋਂ ਕੰਮ ਕਰਦੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਕੁਝ ਵੱਖਰਾ ਕਰਨ ਬਾਰੇ ਸੋਚਿਆ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਦੀਆਂ ਹੀ 10 ਔਰਤਾਂ ਦਾ ਇੱਕ ਸਮੂਹ ਬਣਾਇਆ ਤੇ ਇਸ ਕੰਮ ਦੀ ਸ਼ੁਰੂਆਤ ਕੀਤੀ। ਹਰਬੰਸ ਕੌਰ ਨੇ ਦੱਸਿਆ ਕਿ ਉਹ ਇਨ੍ਹਾਂ ਦੀ ਪੈਦਾਵਾਰ ਲਈ ਕਿਸੇ ਵੀ ਤਰ੍ਹਾਂ ਦੇ ਕੀਟਨਾਸ਼ਕਾਂ ਦਵਾਈਆਂ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਖੇਤ 'ਚ ਕੱਦੂ, ਲੌਂਕੀ, ਭਿੰਡੀ ਅਤੇ ਸਰੋਂ ਦਾ ਸਾਗ ਦੀ ਪੈਦਾਵਾਰ ਕੀਤੀ ਜਾਂਦੀ ਹੈ।
ਹਰਬੰਸ ਕੌਰ ਨੇ ਦੱਸਿਆ ਕਿ ਉਤਪਾਦਨ ਖੇਤੀਬਾੜੀ `ਤੇ ਥੋੜ੍ਹਾ ਘੱਟ ਹੈ, ਪਰ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਵੇਖਦੇ ਹੀ ਉਨ੍ਹਾਂ ਕੀਟਨਾਸ਼ਕ ਦੀ ਵਰਤੋਂ ਕੀਤੇ ਬਿਨ੍ਹਾਂ ਖੇਤੀ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਖੇਤੀ ਕਰਨ ਲਈ ਉਨ੍ਹਾਂ ਨੂੰ 15 ਦਿਨ ਦੀ ਸਿਖਲਾਈ ਵੀ ਦਿੱਤੀ ਗਈ, ਜੋ ਉਨ੍ਹਾਂ ਲਈ ਬਹੁਤ ਲਾਭਾਕਾਰੀ ਸਿੱਧ ਹੋਈ ਹੈ। ਇਹ ਔਰਤਾਂ ਸਬਜ਼ੀਆਂ ਦੀ ਪੈਦਾਵਾਰ ਕਰ ਇਸ ਨੂੰ ਲੋਕਾਂ ਨੂੰ ਵੇਚਦੀਆਂ ਹਨ। ਦੂਜੇ ਪਾਸੇ ਆਸ ਪਾਸ ਦੇ ਲੋਕ ਜੈਵਿਕ ਸਬਜ਼ੀਆਂ ਦੀ ਖ਼ਰੀਦ ਕਰ ਬਹੁਤ ਖੁਸ਼ ਹਨ। ਇਨ੍ਹਾਂ ਔਰਤਾਂ ਦੀ ਇਸ ਨਵੀਂ ਪਹਿਲ ਨੇ ਹੋਰ ਰੁਜ਼ਗਾਰ ਰਹਿਤ ਮਹਿਲਾਵਾਂ ਨੂੰ ਅੱਗੇ ਵੱਧਣ ਲਈ ਪ੍ਰਰੇਰਿਤ ਕੀਤਾ ਹੈ।