ਸੰਗਰੂਰ: ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਧਰਨੇ 'ਚ ਸ਼ਾਮਲ ਹੋਏ ਕਿਸਾਨ ਮੇਘਰਾਜ ਦੀ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮੌਤ ਦੇ 24 ਦਿਨਾਂ ਬਾਅਦ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਦੀਆਂ ਮੰਗਾਂ ਮੰਨੇ ਜਾਣ ਮਗਰੋਂ ਦੇਰ ਰਾਤ ਮੇਘਰਾਜ ਦਾ ਅੰਤਿਮ ਸਸਕਾਰ ਕੀਤਾ ਗਿਆ।
ਮ੍ਰਿਤਕ ਕਿਸਾਨ ਮੇਘਰਾਜ ਦਾ ਅੰਤਮ ਸਸਕਾਰ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੇ ਸਾਥੀ ਮੇਘਰਾਜ ਨੂੰ ਉਸ ਦੇ ਅਮਰ ਰਹਿਣ ਦੇ ਨਾਅਰੇ ਲਾ ਕੇ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਕਿਹਾ, ਕਿਸਾਨਾਂ ਦੇ ਹੱਕਾਂ ਦੀ ਲੜਾਈ 'ਚ ਸ਼ਹੀਦ ਹੋਏ ਮੇਘਰਾਜ ਸਿੰਘ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਲਈ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਕਾਂਗਰਸੀ ਆਗੂ ਅਜਾਇਬ ਸਿੰਘ ਨੇ ਕਿਹਾ ਕਿ ਪਾਰਟੀ ਨੇ ਮ੍ਰਿਤਕ ਦੇ ਪਰਿਵਾਰ ਦੀਆਂ ਮੰਗਾਂ ਨੂੰ ਮੰਨ ਲਿਆ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਤੇ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਦਿੜ੍ਹਬਾ ਹਲਕੇ ਦੇ ਇੰਚਾਰਜ ਵੱਲੋਂ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈਕ ਸੌਂਪ ਦਿੱਤਾ ਗਿਆ ਹੈ ਅਤੇ ਬਾਕੀ ਦੇ ਪੰਜ ਲੱਖ ਰੁਪਏ ਦੀ ਰਕਮ ਮ੍ਰਿਤਕ ਦੇ ਭੋਗ ਦੀ ਰਸਮ ਦੌਰਾਨ ਦਿੱਤੇ ਜਾਵੇਗੀ।
ਮ੍ਰਿਤਕ ਕਿਸਾਨ ਮੇਘਰਾਜ ਦੇ ਪੁੱਤਰ ਜਗਰਾਜ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ਼ ਪੰਜਾਬ ਭਰ 'ਚ ਰੋਸ ਜਾਰੀ ਹੈ। ਇਸੇ ਸੰਘਰਸ਼ ਦੇ ਤਹਿਤ ਉਸ ਦੇ ਪਿਤਾ ਨੇ ਕਿਸਾਨਾਂ ਦੇ ਹੱਕਾਂ ਲਈ ਕੁਰਬਾਨੀ ਦਿੱਤੀ। ਉਸ ਦੇ ਪਿਤਾ ਦੀ ਕੁਰਬਾਨੀ ਦੇ ਮੱਦੇਨਜ਼ਰ ਕਿਸਾਨ ਸੰਗਠਨ ਨੇ ਪਰਿਵਾਰ ਦੀ ਮਦਦ ਲਈ ਸੰਘਰਸ਼ ਦਾ ਰਾਹ ਚੁਣਿਆ। 24 ਦਿਨਾਂ ਦੇ ਕੜੇ ਸੰਘਰਸ਼ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ, ਜਿਸ ਤੋਂ ਬਾਅਦ ਮ੍ਰਿਤਕ ਮੇਘਰਾਜ ਸਿੰਘ ਬਾਵਾ ਦਾ ਅੰਤਿਮ ਸਸਕਾਰ ਕੀਤਾ ਗਿਆ।