ਸੰਗਰੂਰ: ਲਹਿਰਾਗਾਗਾ ਸਥਾਨਕ ਸ਼ਹਿਰ ਦੇ ਬਿਲਕੁਲ ਨੇੜੇ ਲੱਗਦੇ ਪਿੰਡ ਲਹਿਲ ਖੁਰਦ ਵਿਖੇ ਪ੍ਰਾਇਮਰੀ ਸਕੂਲ ਵਿੱਚ ਟੀਚਰਾਂ ਦੀ ਘਾਟ ਨੂੰ ਲੈ ਕੇ ਚੌਥੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਵੱਲੋਂ ਸੰਘਰਸ਼ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਲਹਿਰਾ- ਪਾਤੜਾਂ ਰੋਡ ਜਾਮ ਕੀਤਾ ਗਿਆ ਸੀ ਪਰ ਅੱਜ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਸਥਾਨਕ ਐੱਸਡੀਐੱਮ ਦਫ਼ਤਰ ਦਾ ਘਿਰਾਓ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਚੌਥਾ ਦਿਨ ਹੋ ਗਿਆ ਹੈ , ਪਰ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਟੀਚਰ ਭੇਜਣ ਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ। ਆਗੂਆਂ ਨੇ ਕਿਹਾ ਕਿ ਨੌਕਰੀਆਂ ਵਾਸਤੇ ਅਧਿਆਪਕ ਕਦੇ ਟੈਂਕੀਆਂ ਤੇ ਚੜ੍ਹੇ ਹੁੰਦੇ ਹਨ ਕਦੇ ਸਿੱਖਿਆ ਮੰਤਰੀ ਦੇ ਦਫ਼ਤਰ ਮੂਹਰੇ ਧਰਨੇ ਲਾਉਂਦੇ ਹਨ ਜਿਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ।