ਸੰਗਰੂਰ: ਦਿੜ੍ਹਬਾ ਦੇ ਪਿੰਡ ਖਡਿਆਲ 'ਚ ਇੱਕ ਵਿਅਕਤੀ ਨੂੰ ਸਹੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਉੱਤੇ ਅਣਗਿਹਲੀ ਕਰਨ ਤੇ ਉਕਤ ਵਿਅਕਤੀ ਦੀ ਝੂਠੀ ਕੋਰੋਨਾ ਟੈਸਟ ਰਿਪੋਰਟ ਦਿੱਤੇ ਜਾਣ ਦੇ ਦੋਸ਼ ਲਾਏ ਹਨ।
ਮਰੀਜ਼ ਦੀ ਮੌਤ, ਹਸਪਤਾਲ 'ਤੇ ਲੱਗੇ ਅਣਗਿਹਲੀ ਦੇ ਦੋਸ਼ ਮ੍ਰਿਤਕ ਵਿਅਕਤੀ ਦੀ ਪਛਾਣ 35 ਸਾਲਾ ਭਗਵਾਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਗਵਾਨ ਸਿੰਘ ਸੁਨਾਮ ਵਿਖੇ ਆਪਣੇ ਕੰਮ ਤੋਂ ਰਾਤ 8 ਵਜੇ ਪਿੰਡ ਖਡਿਆਲ ਪਰਤ ਰਿਹਾ ਸੀ। ਅਚਾਨਕ ਰਸਤੇ 'ਚ ਅਵਾਰਾ ਪਸ਼ੂ ਨਾਲ ਟੱਕਰ ਹੋਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਢਿੱਡ 'ਚ ਗਹਿਰੀ ਸੱਟ ਲੱਗੀ ਸੀ। ਦੋ ਰਾਹਗੀਰ ਉਸ ਨੂੰ ਘਰ ਤੱਕ ਪਹੁੰਚਾ ਗਏ ਸਨ। ਪਰਿਵਾਰ ਵੱਲੋਂ ਪਹਿਲਾਂ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਉਸ ਦਾ ਇਲਾਜ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਦੇ ਢਿੱਡ 'ਚ ਗਹਿਰੀ ਸੱਟ ਦੇ ਤੁਰੰਤ ਕੀਤੇ ਜਾਣ ਵਾਲੇ ਲੋੜੀਂਦਾ ਇਲਾਜ ਕਰਨ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਜਾਂ ਕਿਸੇ ਹੋਰ ਚੰਗੇ ਹਸਪਤਾਲ ਲਈ ਰੈਫਰ ਕੀਤਾ।
ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਗਏ। ਉੱਥੇ ਡਾਕਟਰਾਂ ਨੇ ਉਸ ਦਾ ਅਲਟ੍ਰਾਸਾਊਂਡ ਕੀਤਾ, ਜਿਸ 'ਚ ਉਸ ਦੇ ਢਿੱਡ ਦੀਆਂ ਆਂਤੜੀਆ ਦੇ ਫੱਟਣ ਬਾਰੇ ਪਤਾ ਲਗਾ। ਡਾਕਟਰਾਂ ਨੇ ਪਹਿਲਾਂ ਕਿਹਾ ਕਿ ਉਹ ਜਲਦ ਉਸ ਦਾ ਆਪਰੇਸ਼ਨ ਕਰ ਦੇਣਗੇ। ਆਪਰੇਸ਼ਨ ਤੋਂ ਪਹਿਲਾਂ ਡਾਕਟਰਾਂ ਵੱਲੋਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ। ਰਾਤ 11 ਵਜੇ ਡਾਕਟਰਾਂ ਨੇ ਉਸ ਨੂੰ ਕੋਰੋਨਾ ਪੌਜ਼ੀਟਿਵ ਦੱਸਿਆ। ਕੋਰੋਨਾ ਪੌਜ਼ੀਟਿਵ ਦੱਸਣ ਮਗਰੋਂ ਉੱਥੇ ਦੀ ਡਾਕਟਰੀ ਟੀਮ ਨੇ ਉਸ ਦੇ ਢਿੱਡ ਦੀ ਗਹਿਰੀ ਸੱਟ ਦਾ ਇਲਾਜ ਨਹੀਂ ਕੀਤਾ। ਪਰਿਵਾਰ ਵੱਲੋਂ ਭਗਵਾਨ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਵਾਰ-ਵਾਰ ਇਲਾਜ ਲਈ ਅਪੀਲ ਕੀਤੇ ਜਾਣ ਮਗਰੋਂ ਵੀ ਸਮੇਂ ਸਿਰ ਇਲਾਜ ਨਾ ਮਿਲਣ 'ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਉੱਤੇ ਅਣਗਿਹਲੀ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਉਸ ਦੀ ਕੋਰੋਨਾ ਰਿਪੋਰਟ ਝੂਠੀ ਦਿੱਤੀ ਹੈ, ਕਿਉਂਕਿ ਸੜਕ ਹਾਦਸੇ ਤੋਂ ਪਹਿਲਾਂ ਉਸ ਨੂੰ ਕੋਰੋਨਾ ਦੇ ਕੋਈ ਲੱਛਣ ਹੀ ਨਹੀਂ ਸਨ, ਉਹ ਸਿਹਤਮੰਦ ਸੀ। ਡਾਕਟਰਾਂ ਵੱਲੋਂ ਸਰਕਾਰ ਤੇ ਪਰਿਵਾਰ ਨੂੰ ਝੂਠ ਬੋਲਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਜਦਕਿ ਉਸ ਦੀ ਮੌਤ ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਹੋਈ ਹੈ। ਪਰਿਵਾਰ ਨੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਉਕਤ ਡਾਕਟਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।