ਸੰਗਰੂਰ: ਚਾਰ ਬੱਚਿਆਂ ਦੀ ਸਕੂਲੀ ਵੈਨ ਵਿੱਚ ਹੋਈ ਮੌਤ ਤੋਂ ਬਾਅਦ ਅੱਜ ਉਨ੍ਹਾਂ ਦਾ ਸੰਗਰੂਰ ਦੇ ਲੌਂਗੋਵਾਲ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ 'ਚ ਲੋਕ ਤੇ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਨੂੰ ਨਮ ਅੱਖਾਂ ਨਾਲ ਸ਼ਰਧਾਂਜ਼ਲੀ ਦਿੱਤੀ। ਇਸ ਮੌਕੇ ਪ੍ਰਸ਼ਾਸਨ ਵੀ ਮੌਜੂਦ ਰਿਹਾ।
ਮਾਸੂਮ ਬੱਚਿਆ ਦਾ ਹੋਇਆ ਅੰਤਿਮ ਸਸਕਾਰ ਦੂਜੇ ਪਾਸੇ ਪੁਲਿਸ ਨੇ ਸਕੂਲ ਦੇ ਮਾਲਕ, ਪ੍ਰਿੰਸੀਪਲ ਅਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਦੇ ਆਦੇਸ਼ ਦੇ ਦਿੱਤੇ ਹਨ।
ਦੱਸ ਦਈਏ ਕਿ ਇਹ ਬੱਚੇ ਲੌਂਗੋਵਾਲ ਦੇ ਸਿਮਰਨ ਪਬਲਿਕ ਸਕੂਲ 'ਚ ਪੜ੍ਹਦੇ ਸਨ। ਸ਼ਨੀਵਾਰ ਨੂੰ ਬੱਚਿਆਂ ਨੂੰ ਦੁਪਹਿਰ ਸਮੇਂ ਵੈਨ ਰਾਹੀਂ ਘਰ ਲਿਜਾਇਆ ਜਾ ਰਿਹਾ ਸੀ। ਪਿੰਡ ਕੇਹਰ ਸਿੰਘ ਵਾਲੀ ਨੇੜੇ ਤਨਕੀਨੀ ਖ਼ਰਾਬੀ ਕਾਰਨ ਵੈਨ ਨੂੰ ਅੱਗ ਲੱਗ ਗਈ। ਵੈਨ 'ਚ ਕੁੱਲ 12 ਬੱਚੇ ਸਵਾਰ ਸਨ।
ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਇਸ ਘਟਨਾ ਦੀ ਮੈਜੀਸਟ੍ਰੀਅਲ ਜਾਂਚ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 7 ਲੱਖ 25 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।