ਸੰਗਰੂਰ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਜੁਲਾਈ ਨੂੰ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ। 12ਵੀਂ ਦੇ ਨਤੀਜੇ ਦੇ ਵਾਂਗ ਹੀ 10ਵੀਂ ਦੇ ਨਤੀਜੇ ’ਚ ਵੀ ਕੁੜੀਆਂ ਨੇ ਪਹਿਲੇ ਤਿੰਨ ਸਥਾਨ ’ਤੇ ਆਪਣਾ ਕਬਜ਼ਾ ਕੀਤਾ ਹੈ। ਦੱਸ ਦਈਏ ਕਿ ਸੰਗਰੂਰ ਦੇ ਪਿੰਡ ਘੋੜੇਨਬ ਦੀ ਰਹਿਣ ਵਾਲੀ ਵਿਦਿਆਰਥਨ ਕੋਮਲਪ੍ਰੀਤ ਕੌਰ ਨੇ 10ਵੀਂ ਦੀ ਪ੍ਰੀਖਿਆ ਚ ਪੰਜਾਬ ’ਚ ਤੀਜਾ ਸਥਾਨ ਹਾਸਲ ਕੀਤਾ ਹੈ।
ਪੰਜਾਬ ਭਰ ’ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਕੋਮਲਪ੍ਰੀਤ ਕੌਰ ਦਾ ਸੁਪਨਾ ਡਾਕਟਰ ਬਣਨ ਦਾ ਹੈ। ਕੋਮਲਪ੍ਰੀਤ ਦਾ ਕਹਿਣਾ ਹੈ ਕਿ ਉਹ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਲਾਇਬਰੇਰੀਆਂ ਅਤੇ ਹੋਰ ਉੱਚ ਦਰਜੇ ਦੀ ਪੜ੍ਹਾਈ ਨੂੰ ਪਹਿਲ ਦਿੱਤੀ ਜਾਵੇ।
ਕੋਮਲਪ੍ਰੀਤ ਕੌਰ ਦੀ ਮਾਤਾ ਇੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ ਨੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਕੋਮਲਪ੍ਰੀਤ ਕੌਰ ਸਕੂਲੋਂ ਆ ਕੇ ਸਾਰਾ ਦਿਨ ਅਤੇ ਅੱਧੀ ਰਾਤ ਤੱਕ ਪੜ੍ਹਦੀ ਰਹਿੰਦੀ ਸੀ। ਜਿਸਦਾ ਉਸਨੂੰ ਫ਼ਲ ਮਿਲਿਆ ਹੈ। ਇਸ ਵਿੱਚ ਸਕੂਲ ਦਾ ਵੀ ਬਹਤ ਵੱਡਾ ਸਹਿਯੋਗ ਹੈ। ਤੀਜ਼ਾ ਸਥਾਨ ਹਾਸਲ ਕਰਨ ਕਰਕੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।