ਸੰਗਰੂਰ: ਜਿਥੇ ਆਜ਼ਾਦੀ ਦਿਹਾੜੇ 'ਤੇ ਦੇਸ਼ ਭਰ 'ਚ ਜਸ਼ਨ ਮਨਾਏ ਗਏ, ਉਥੇ ਹੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਜਸ਼ਨ ਦੀ ਬਜਾਏ ਧਰਨੇ 'ਤੇ ਬੈਠੇ ਨਜ਼ਰ ਆਏ। ਅਜਿਹਾ ਹੀ ਮਾਮਲਾ ਧੂਰੀ ਦੇ ਪਿੰਡ ਘਨੌਰ ਕਲਾਂ ਤੋਂ ਸਾਹਮਣੇ ਆਇਆ। ਇਥੇ ਆਜ਼ਾਦੀ ਘੁਲਾਟੀਏ ਦੇ ਪੋਤਰੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ।
ਜਾਣਕਾਰੀ ਮੁਤਾਬਕ ਆਜ਼ਾਦੀ ਘੁਲਾਟੀਏ ਰਹੇ ਪੰਡਤ ਬੱਚਨ ਰਾਮ ਦੇ ਪੋਤਰੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਪਾਣੀ ਦੀ ਟੈਂਕੀ 'ਤੇ ਚੜ੍ਹੇ ਸਨ। ਇਸ ਬਾਰੇ ਪਿੰਡ ਦੇ ਸਰਪੰਚ ਤੇਜਾ ਸਿੰਘ ਨੇ ਦੱਸਿਆ ਕਿ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੀ ਹਾਲਤ ਬੇਹਦ ਖ਼ਰਾਬ ਹੈ। ਇਹ ਨੌਜਵਾਨ ਖ਼ੁਦ ਦਿਹਾੜੀਆਂ ਕਰਕੇ ਆਪਣੀ ਪੜ੍ਹਾਈ ਲਈ ਫੀਸ ਇੱਕਠੀ ਕਰਦੇ ਹਨ। ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ ਤੋਂ ਤੰਗ ਆ ਕੇ ਇਹ ਨੌਜਵਾਨ ਕੜਕਦੀ ਧੁੱਪ 'ਚ ਪਾਣੀ ਦੀ ਟੈਂਕੇ 'ਤੇ ਚੜ੍ਹ ਗਏ। ਇਨ੍ਹਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੀ ਆਰਥਿਕ ਮਦਦ ਕਰੇ ਜਾਂ ਦੋਹਾਂ 'ਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਦੇਵੇ।
ਆਜ਼ਾਦੀ ਘੁਲਾਟੀਏ ਦੇ ਪੋਤਰਿਆਂ ਨੇ ਟੈਂਕੀ 'ਤੇ ਚੜ੍ਹ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਦੋਵੇਂ ਸਕੇ ਭਰਾ ਆਪਣੇ ਦਾਦੇ ਨੂੰ ਮਿਲੇ ਸਨਮਾਨ ਪੱਤਰ ਅਤੇ ਤਗ਼ਮੇ ਗਲਾਂ 'ਚ ਪਾ ਕੇ ਸਰਕਾਰ ਖ਼ਿਲਾਫ਼ ਨਾਅਰੇ ਲਾ ਰਹੇ ਸਨ। ਉਹ ਸਾਰੀ ਰਾਤ ਪਾਣੀ ਦੀ ਟੈਂਕੀ 'ਤੇ ਚੜ੍ਹੇ ਰਹੇ। ਉਨ੍ਹਾਂ ਸੂਬਾ ਸਰਕਾਰ ਤੋਂ ਆਪਣੀ ਆਰਥਿਕ ਮੰਦਹਾਲੀ ਨੂੰ ਵੇਖਦੇ ਹੋਏ ਪੱਕਾ ਮਕਾਨ ਤੇ ਦੋਹਾਂ ਭਰਾਵਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਐਲਾਨ ਰਹੀ ਹੈ ਪਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵਿਸਾਰ ਰਹੀ ਹੈ। ਦੇਸ਼ ਲਈ ਜਾਨ ਦੇਣ ਵਾਲਿਆਂ ਦੇ ਵਾਰਸਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਅਤੇ ਐਸਡੀਐਮ ਲਤੀਫ਼ ਅਹਿਮਦ ਵੀ ਨੌਜਵਾਨਾਂ ਨੂੰ ਮਨਾਉਣ ਲਈ ਪੁੱਜੇ। ਦੋਹਾਂ ਨੌਜਾਵਨਾਂ ਨੇ ਪ੍ਰਸ਼ਾਸਨ ਵੱਲੋਂ ਲਿਖਤੀ ਤੌਰ 'ਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਆਖੀ। ਇਸ ਮੌਕੇ ਆਪ ਆਗੂ ਸੰਦੀਪ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਦੇ ਚਲਦੇ ਅੱਜ ਹਰ ਵਰਗ ਦੇ ਲੋਕ ਪਰੇਸ਼ਾਨ ਹਨ ਤੇ ਬੱਚੇ ਤੱਕ ਧਰਨੇ ਲਾਉਣ ਲਈ ਮਜਬੂਰ ਹੋ ਗਏ ਹਨ। ਸਰਕਾਰ ਨੂੰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ, ਜਿਨ੍ਹਾਂ ਦੇ ਸਦਕਾ ਉਹ ਅੱਜ ਸੂਬੇ 'ਚ ਰਾਜ ਕਰ ਰਹੀ ਹੈ। ਐਸਡੀਐਮ ਲਤੀਫ਼ ਅਹਿਮਦ ਵੀ ਦੋਹਾਂ ਨੌਜਵਾਨਾਂ ਨੂੰ ਮਨਾਉਣ 'ਚ ਫੇਲ੍ਹ ਰਹੇ। ਉਨ੍ਹਾਂ ਉਕਤ ਨੌਜਵਾਨਾਂ ਦੀਆਂ ਮੰਗਾਂ ਡੀਸੀ ਨੂੰ ਸੌਂਪਣ ਅਤੇ ਲੋੜਵੰਦ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ।