ਧੂਰੀ: ਕੋਰੋਨਾ ਮਹਾਂਮਾਰੀ ਦਾ ਕਹਿਰ ਦੁਨੀਆ ਭਰ 'ਚ ਜਾਰੀ ਹੈ, ਅਜਿਹੇ 'ਚ ਸਰਕਾਰਾਂ ਵੱਲੋਂ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਉਹ ਇਸ ਭਿਆਨਕ ਬਿਮਾਰੀ ਦੀ ਲਪੇਟ 'ਚ ਨਾ ਆ ਸਕਣ। ਬਾਵਜੂਦ ਇਸ ਦੇ ਧੂਰੀ ਦੇ ਸਰਕਾਰੀ ਹਸਪਤਾਲ ਨੇ ਸਾਰੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਸਪਤਾਲ ਦੇ ਚਾਰੋਂ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਮਰੀਜ਼ਾਂ ਨੂੰ ਠੀਕ ਕਰਨ ਵਾਲਾ ਹਸਪਤਾਲ ਅੱਜ ਖ਼ੁਦ ਬਿਮਾਰ... ਹਸਪਤਾਲ ਬਾਹਰ ਕੁੜਾ, ਝਾੜੀਆਂ ਤੇ ਬਦਬੂਦਾਰ ਸਮਾਨ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲਿਆਂ ਲਈ ਹਾਨੀਕਾਰਕ ਹੈ। ਹਸਪਤਾਲ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਇਸ ਨੇ ਬਿਮਾਰ ਮਰੀਜ਼ਾਂ ਦਾ ਇਲਾਜ ਤਾਂ ਕੀ ਕਰਨਾ ਹੈ, ਇਸ ਨੂੰ ਤਾਂ ਖ਼ੁਦ ਇਲਾਜ ਦੀ ਜ਼ਰੂਰਤ ਹੈ। ਹਸਪਤਾਲ ਦੀ ਅਜਿਹੀ ਹਾਲਤ ਵੇਖ ਕੇ ਮਰੀਜ਼ਾਂ ਤੇ ਸਥਾਨਕ ਲੋਕਾਂ 'ਚ ਭਾਰੀ ਰੋਸ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਦੇ ਕਰਦੇ ਹੋਰ ਬਿਮਾਰੀਆਂ ਨਾਲ ਨਜਿੱਠਣਾ ਪੈ ਜਾਵੇ। ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਉਹ ਹਸਪਤਾਲ ਦੀ ਜਲਦ ਤੋਂ ਜਲਦ ਸਫ਼ਾਈ ਕਰਵਾਉਣ ਤਾਂ ਜੋ ਉਹ ਕਿਸੇ ਵੱਡੇ ਖ਼ਤਰੇ ਤੋਂ ਬੱਚ ਸਕਣ।
ਜਦੋ ਹਸਪਤਾਲ 'ਚ ਮੌਜੂਦ ਡਾਕਟਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਵੀ ਆਪਣਾ ਪੱਲਾ ਝਾੜਦੇ ਨਜ਼ਰ ਆਏ। ਉਸ ਨੇ ਕਿਹਾ ਕਿ ਸਾਡੇ ਕੋਲ ਜਿੰਨੇ ਵੀ ਸਫਾਈ ਕਰਮਚਾਰੀ ਹਨ, ਉਨ੍ਹਾਂ ਤੋਂ ਹਸਪਤਾਲ ਅੰਦਰ ਦੀ ਸਫਾਈ ਕਰਵਾ ਲਈ ਜਾਂਦੀ ਹੈ। ਡਾਕਟਰ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਫਾਈ ਹੋਣੀ ਚਾਹੀਦੀ ਹੈ। ਇਸ ਦੀ ਜ਼ਰੂਰਤ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਸਫਾਈ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਦੀ ਸਿਫਾਰਿਸ਼ ਸੀਨੀਅਰ ਮੈਡੀਕਲ ਅਫਸਰ ਨੂੰ ਕੀਤੀ ਜਾਵੇਗੀ ਤਾਂ ਕਿ ਹਸਪਤਾਲ ਦੀ ਸਫਾਈ ਦਾ ਅੱਗੇ ਤੋਂ ਧਿਆਨ ਰੱਖਿਆ ਜਾ ਸਕੇ।