ਸੰਗਰੂਰ: ਪੰਜਾਬ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ। ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ। ਇਸੇ ਅੰਦੋਲਨ ਵਿੱਚ ਸੰਗਰੂਰ ਰੇਲਵੇ ਸਟੇਸ਼ਨ 'ਤੇ ਜਾਰੀ ਧਰਨੇ ਵਿੱਚ ਲਾਭ ਸਿੰਘ ਨਾਮ ਦੇ ਕਿਸਾਨ ਦੀ ਅਚਾਨਕ ਮੌਤ ਹੋਣ ਜਾਣ ਦੀ ਦੁਖਦ ਖ਼ਬਰ ਆਈ ਹੈ।
ਖੇਤੀ ਕਾਨੂੰਨ ਖਿਲਾਫ ਸੰਗਰੂਰ ਧਰਨੇ 'ਤੇ ਬੈਠੇ ਕਿਸਾਨ ਦੀ ਅਚਾਨਕ ਹੋਈ ਮੌਤ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁੱਲਰਹੇੜੀ ਦਾ 65 ਸਾਲਾਂ ਕਿਸਾਨ ਲਾਭ ਸਿੰਘ ਰਾਤ ਸਮੇਂ ਸੰਗਰੂਰ ਰੇਲਵੇ ਸਟੇਸ਼ਨ 'ਤੇ ਧਰਨੇ ਵਿੱਚ ਸ਼ਾਮਲ ਸੀ। ਰਾਤ ਸਮੇਂ ਲਾਭ ਸਿੰਘ ਲੰਗਰ ਛੱਕ ਕੇ ਸੁੱਤਾ ਅਤੇ ਸਵੇਰੇ ਸਮੇਂ ਜਗਾਉਣ 'ਤੇ ਨਾ ਉੱਠਿਆ। ਲਾਭ ਸਿੰਘ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਸਰਗਮਰ ਕਾਰਕੁੰਨ ਸੀ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮਲਕੀਤ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਕਿਸਾਨ ਲਾਭ ਸਿੰਘ ਇੱਕ ਛੋਟਾ ਜਿਹਾ ਕਿਸਾਨ ਸੀ। ਜਿਸ ਦਾ ਇੱਕ ਪੁੱਤਰ, ਇੱਕ ਧੀ ਅਤੇ ਤਿੰਨ ਭਰਾ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਹੇ ਸੀ। ਉਨ੍ਹਾਂ ਕਿਹਾ ਲਾਭ ਸਿੰਘ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਵਿੱਚ ਦ੍ਰਿੜ ਇਰਾਦੇ ਨਾਲ ਬੈਠਾ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਸਰਕਾਰ ਵਿਚਕਾਰ ਹੋਈ ਦਿੱਲੀ ਵਿਚਲੀ ਬੈਠਕ ਬੇਸਿੱਟਾ ਰਹਿਣ ਤੋਂ ਬਾਅਦ ਉਹ ਸਦਮੇ ਵਿੱਚ ਸੀ। ਇਸ ਸਦਮੇ ਨੂੰ ਉਹ ਸਹਾਰ ਨਾ ਸਕਿਆ ਅਤੇ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ 'ਚ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਲਾਭ ਇਸ ਕਿਸਾਨੀ ਸੰਘਰਸ਼ ਦਾ ਸ਼ਹੀਦ ਹੈ ਅਤੇ ਸਾਨੂੰ ਉਸ ਦੀ ਸ਼ਹਾਦਤ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਪਿਆ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਲਾਭ ਸਿੰਘ ਦੀ ਸ਼ਹਾਦਤ ਕਿਸਾਨੀ ਸ਼ੰਘਰਸ਼ ਲਈ ਮਾਣ ਵਾਲੀ ਗੱਲ ਹੈ।
ਥਾਣਾ ਸਰਕਾਰੀ ਰੇਲਵੇ ਪੁਲਿਸ ਦੇ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਾਭ ਸਿੰਘ ਦੀ ਦੇਹ ਦਾ ਪੋਸਟਮਾਟਰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਭ ਸਿੰਘ ਰਾਹ 'ਚ ਸੁੱਤਾ ਸੀ ਜਦੋਂ ਉਸ ਦੇ ਸਾਥੀਆਂ ਨੇ ਉਸ ਨੂੰ ਸਵੇਰੇ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮ੍ਰਿਤਕ ਪਾਇਆ ਗਿਆ।