ਸੰਗਰੂਰ:ਮਾਪੇ ਆਪਣੀ ਸਖਤ ਮਿਹਨਤ ਨਾਲ ਆਪਣਿਆਂ ਬੱਚਿਆ ਨੂੰ ਇਸੇ ਆਸ ਨਾਲ ਪੜਾਉਂਦੇ ਲਿਖਾਉਂਦੇ ਹਨ ਤਾਂ ਕਿ ਉਹ ਅੱਗੇ ਜਾ ਕੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣ ਸਕਣ, ਪਰ ਇਹ ਆਸਾਂ ਹਰ ਕਿਸੇ ਮਾਪਿਆਂ ਦੀ ਪੂਰੀ ਨਹੀਂ ਹੋ ਪਾਉਂਦੀ। ਜਿਸ ਕਾਰਨ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਸੰਗਰੂਰ ’ਚ ਇੱਕ ਬਜ਼ੁਰਗ ਜੋੜਾ ਟੀਨਾਂ ਦੀਆਂ ਛੱਤ ਹੇਠ ਰਹਿਣ ਨੂੰ ਮਜ਼ਬੂਰ ਹੈ।
ਦੱਸ ਦਈਏ ਕਿ ਸੰਗਰੂਰ ਦੇ ਪਿੰਡ ਰੋੜੇਵਾਲਾ ਵਿਖੇ ਇੱਕ ਬਜ਼ੁਰਗ ਜੋੜਾ ਦੋ ਬੱਚੇ ਹੋਣ ਦੇ ਬਾਵਜੁਦ ਵੀ ਬਿਨਾਂ ਕਿਸੇ ਆਸਰੇ ਤੋਂ ਟੀਨਾਂ ਦੀ ਛੱਤ ਹੇਠ ਰਹਿਣ ਨੂੰ ਮਜ਼ਬੂਰ ਹੈ। ਜੀ ਹਾਂ ਬਜ਼ੁਰਗ ਮਿੱਠੂ ਸਿੰਘ ਅਤੇ ਉਨ੍ਹਾਂ ਦੀ ਘਰਵਾਲੀ ਬਲਵਿੰਦਰ ਕੌਰ ਜੋ ਅਧਰੰਗ ਦੀ ਸ਼ਿਕਾਰ ਹੈ ਅਤੇ ਬੋਲ ਨਹੀਂ ਸਕਦੀ, ਜਦੋਂ ਤੋਂ ਇਨ੍ਹਾਂ ਦੋਹਾਂ ਬਜ਼ੁਰਗਾਂ ਦੇ ਨੂੰਹ ਪੁੱਤ ਨੇ ਘਰੋਂ ਕੱਢਿਆ ਹੈ ਉਸ ਸਮੇਂ ਤੋਂ ਅਜਿਹੀ ਤਰਸਯੋਗ ਹਾਲਤ ਚ ਰਹਿ ਰਹੇ ਹਨ।
ਬਰਸਾਤਾਂ ਦੇ ਦਿਨਾਂ ਵਿਚ ਇਨ੍ਹਾਂ ਦੀ ਟੀਨਾਂ ਵਾਲੀ ਛੱਤ ਚੋਣ ਲੱਗ ਪੈਂਦੀ ਹੈ। ਜਿਸ ਕਾਰਨ ਇਹ ਸਾਰੀ ਰਾਤ ਜਾਂ ਤਾਂ ਬੈਠ ਕੇ ਕੱਟਦੇ ਹਨ ਜਾਂ ਪਿੰਡ ਦੀ ਹਥਾਈ ਵਿੱਚ ਜਾ ਕੇ ਰਾਤ ਨੂੰ ਰਹਿੰਦੇ ਹਨ। ਇਨ੍ਹਾਂ ਕੋਲ ਢਿੱਡ ਭਰਨ ਨੂੰ ਕੋਈ ਰਾਸ਼ਨ ਨਹੀਂ। ਕਿਉਂਕਿ ਇਹ ਬਜ਼ੁਰਗ ਹੋਣ ਕਰਕੇ ਕੁੱਝ ਵੀ ਕਮਾ ਨਹੀਂ ਸਕਦੇ। ਸਿਰਫ ਪਿੰਡ ਵਿੱਚੋਂ ਰਾਸ਼ਣ-ਪਾਣੀ ਮੰਗ ਕੇ ਲਿਆਉਂਦੇ ਹਨ। ਪਰ ਜੇਕਰ ਉਨ੍ਹਾਂ ਕੋਲੋਂ ਕੁਝ ਨਹੀਂ ਮਿਲਦਾ ਤਾਂ ਇਹ ਦੋਵੇਂ ਭੁੱਖੇ ਵੀ ਸੌ ਜਾਂਦੇ ਹਨ।