ਸੰਗਰੂਰ : ਧੂਰੀ ਪੁਲਿਸ ਨੇ ਏਟੀਐਮ ਕਲੋਨਿੰਗ ਕਰ ਲੋਕਾਂ ਤੋਂ ਲੁੱਟ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ।
ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਧੂਰੀ ਦੇ ਡੀਐਸਪੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਬੀਤੇ ਦਿਨੀਂ ਮਾਨਸਾ ਜੇਲ੍ਹ ਵਿੱਚ ਤਾਇਨਾਤ ਡੀਐਸਪੀ ਅਜਾਇਬ ਸਿੰਘ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ, ਕਿ ਅਚਾਨਕ ਉਨ੍ਹਾਂ ਦੇ ਬੈਂਕ ਖਾਤੇ 'ਚੋਂ ਪੈਸੇ ਕੱਢੇ ਜਾ ਰਹੇ ਹਨ। ਮਹਿਜ਼ ਇੱਕ ਦਿਨ ਦੇ ਅੰਦਰ ਉਨ੍ਹਾਂ ਦੇ ਬੈਂਕ ਖਾਤੇ 'ਚੋਂ 79 ਹਜ਼ਾਰ ਰੁਪਏ ਕਢਵਾਏ ਗਏ ਸਨ, ਜਦੋਂ ਕਿ ਇਹ ਰਕਮ ਉਨ੍ਹਾਂ ਵੱਲੋਂ ਨਹੀਂ ਕਢਵਾਈ ਗਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਲੁੱਟ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ ਡੀਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਅਤੇ ਜੈ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਹਰਿਆਣਾ ਦੇ ਵਸਨੀਕ ਹਨ। ਇਹ ਦੋਵੇਂ ਮੁਲਜ਼ਮ ਬੈਂਕ ਏਟੀਐਮ 'ਚ ਦਾਖ਼ਲ ਹੋ ਕੇ ਬੜੀ ਹੀ ਚਲਾਕੀ ਨਾਲ ਨਕਲੀ ਸਵੈਪ ਮਸ਼ੀਨ ਏਟੀਐਮ 'ਤੇ ਫਿੱਟ ਕਰ ਦਿੰਦੇ ਸਨ। ਜਦ ਕੋਈ ਵੀ ਵਿਅਕਤੀ ਆਪਣਾ ਕਾਰਡ ਸਵੈਪ ਕਰਦਾ ਤਾਂ ਉਸ ਦੇ ਬੈਂਕ ਖਾਤੇ, ਏਟੀਐਮ ਤੇ ਪਾਸਵਰਡ ਦੀ ਡਿਟੇਲ ਸਵਾਈਪ ਮਸ਼ੀਨ 'ਚ ਦਰਜ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਨਕਲੀ ਏਟੀਐਮ ਕਾਰਡ ਤਿਆਰ ਕਰ ਉਕਤ ਵਿਅਕਤੀ ਦੇ ਬੈਂਕ ਖਾਤੇ ਤੋਂ ਪੈਸੇ ਕੱਢਵਾ ਲੈਂਦੇ ਸਨ। ਅਜਿਹਾ ਹੀ ਉਨ੍ਹਾਂ ਡੀਐਸਪੀ ਅਜਾਇਬ ਸਿੰਘ ਨਾਲ ਵੀ ਕੀਤਾ।
ਧੂਰੀ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ, ਲੁੱਟ , ਸਾਈਬਰ ਕ੍ਰਾਇਮ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰੀ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਸਵਾਈਪ ਮਸ਼ੀਨ, 6 ਏਟੀਐਮ ਕਾਰਡ ਸਣੇ ਲੁੱਟੇ ਗਏ 74 ਹਜ਼ਾਰ ਰੁਪਏ ਵੀ ਬਰਾਮਦ ਕੀਤੇ। ਡੀਐਸੀਪੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ 'ਚ ਵੀ ਮਾਮਲੇ ਦਰਜ ਹਨ। ਮੁਲਜ਼ਮਾਂ ਦੇ ਖ਼ਿਲਾਫ਼ ਪੁਲਿਸ ਰਿਮਾਂਡ ਹਾਸਲ ਕਰ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।