ਸੰਗਰੂਰ: ਪੰਜਾਬ ਵਿੱਚ ਆਏ ਦਿਨ ਚੋਰੀ ਡਕੈਤੀ ਅਤੇ ਕਤਲ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਾਮੇਡੀ ਫਿਲਮਾਂ ਦੇ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਦਾ ਕਤਲ ਹੋ ਗਿਆ ਹੈ।
ਬੀਤੀ ਰਾਤ ਸੰਗਰੂਰ ਵਿੱਚ ਉਸ ਦੇ ਸਹੁਰੇ ਛੱਜਾ ਸਿੰਘ ਦਾ ਆਪਣੇ ਨੌਕਰ ਵੱਲੋਂ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਫਤੀਸ਼ੀ ਅਫਸਰ ਥਾਣਾ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਛੱਜਾ ਸਿੰਘ ਨੇ ਅਮਰਜੀਤ ਕੌਰ ਨਾਂ ਦੀ ਔਰਤ ਨੂੰ ਆਪਣੇ ਘਰ ਕੰਮ ਕਰਵਾਉਣ ਲਈ ਰੱਖਿਆ ਹੋਇਆ ਸੀ ਅਤੇ ਉਸ ਦਾ ਨੌਕਰ ਸਿਕੰਦਰ ਸਿੰਘ ਉਸ ਔਰਤ 'ਤੇ ਬੁਰੀ ਨਜ਼ਰ ਰੱਖਦਾ ਸੀ।
ਜਿਸ ਨੂੰ ਛੱਜਾ ਸਿੰਘ ਲਗਾਤਾਰ ਰੋਕਦਾ ਰਹਿੰਦਾ ਸੀ ਅਤੇ ਇਸੇ ਕਾਰਨ ਗੁੱਸੇ 'ਚ ਆਏ ਨੌਕਰ ਸਿਕੰਦਰ ਸਿੰਘ ਨੇ ਬੀਤੀ ਰਾਤ ਕੰਧ ਟੱਪ ਕੇ ਘਰ 'ਚ ਦਾਖਲ ਹੋ ਕੇ ਛੱਜਾ ਸਿੰਘ ਦੇ ਸਿਰ 'ਤੇ ਕੁਹਾੜੀ ਮਾਰੀ ਜਿਸ ਨਾਲ ਉਸ ਦੀ ਮੌਤ ਹੋ ਗਈ।