ਸੰਗਰੂਰ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਵੱਲੋਂ 6 ਵਾਰ ਮਲੇਰਕੋਟਲਾ ਵਿਖੇ ਬੰਦ ਦਾ ਐਲਾਨ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਦਾ ਐਲਾਨ ਕੀਤੇ ਜਾਣ ਤੋਂ ਨਰਾਜ਼ ਭਾਜਪਾ ਵਰਕਰਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।
CAA ਦੇ ਵਿਰੋਧ 'ਚ ਮਲੇਰਕੋਟਲਾ ਬੰਦ ਹੋਣ 'ਤੇ ਭਾਜਪਾ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ - ਮਲੇਰਕੋਟਲਾ 'ਚ ਸੀਏਏ ਦਾ ਵਿਰੋਧ
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸੂਬੇ ਦੇ ਕਈ ਜ਼ਿਲ੍ਹਿਆਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਬੀਤੇ ਦਿਨਾਂ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਮਲੇਰਕੋਟਲਾ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਭਾਜਪਾ ਆਗੂਆਂ ਵੱਲੋਂ ਵਿਰੋਧੀ ਪਾਰਟੀਆਂ 'ਤੇ ਭਾਈਚਾਰਕ ਮਾਹੌਲ ਖ਼ਰਾਬ ਕਰਨ ਤੇ ਲੋਕਾਂ 'ਚ ਡਰ ਦਾ ਮਹੌਲ ਪੈਦਾ ਕਰਨ ਦਾ ਦੋਸ਼ ਲਾਇਆ।
ਭਾਜਪਾ ਨੇ ਆਪਣੇ ਮੰਗ ਪੱਤਰ 'ਚ ਬੰਦ ਕਾਰਨ ਆਮ ਲੋਕਾਂ ਦਾ ਜਨ-ਜੀਵਨ ਤੇ ਆਵਾਜਾਈ ਪ੍ਰਭਾਵਤ ਹੋਣ ਦੀ ਗੱਲ ਆਖੀ। ਭਾਜਪਾ ਆਗੂਆਂ ਨੇ ਕਿਹਾ ਕਿ ਸੀਏਏ ਦਾ ਵਿਰੋਧ ਕਰਨ ਲਈ ਹੁਣ ਤੱਕ 6 ਵਾਰ ਮਲੇਰਕੋਟਲਾ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੰਦ ਕਾਰਨ ਵਪਾਰੀਆਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਤੇ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਲਈ ਉਨ੍ਹਾਂ ਨੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਆਖਿਆ ਕਿ ਵਿਰੋਧ ਤੋਂ ਇਲਾਵਾ ਭਾਜਪਾ ਵਰਕਰਾਂ ਦੀ ਰੇਕੀ ਵੀ ਕੀਤੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਤੇ ਭਾਜਪਾ ਵਰਕਰਾਂ 'ਚ ਡਰ ਤੇ ਦਹਿਸ਼ਤ ਦੇ ਮਹੌਲ 'ਚ ਹਨ ਤਾਂ ਜੋ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਉਨ੍ਹਾਂ ਆਖਿਆ ਕਿ ਇਸ ਦੇ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ। ਉਹ ਆਸ ਕਰਦੇ ਹਨ ਕਿ ਜਲਦ ਤੋਂ ਜਲਦ ਇਸ ਮੁੱਦੇ 'ਤੇ ਐਕਸ਼ਨ ਲਿਆ ਜਾਵੇਗਾ ਤਾਂ ਜੋ ਮਲੇਰਕੋਟਲਾ ਨੂੰ ਵਾਰ-ਵਾਰ ਬੰਦ ਹੋਣ ਤੋਂ ਰੋਕਿਆ ਜਾ ਸਕੇ।