ਸੰਗਰੂਰ: ਮੰਗਲਵਾਰ ਨੂੰ ਸ਼ਹਿਰ ਦੇ ਅਕਾਲੀ ਵਰਕਰਾਂ ਨੇ ਢੀਂਡਸਾ ਪਰਿਵਾਰ ਦੇ ਹੱਕ 'ਚ ਇੱਕਠ ਕੀਤਾ। ਇਸ ਦੌਰਾਨ ਅਕਾਲੀ ਵਰਕਰਾਂ ਨੇ ਬਾਦਲ ਪਰਿਵਾਰ ਦਾ ਵਿਰੋਧ ਕਰਦਿਆਂ ਉਨ੍ਹਾਂ ਤੇ ਗੰਭੀਰ ਦੋਸ਼ ਲਾਏ।
ਢੀਂਡਸਾ ਪਰਿਵਾਰ ਦੇ ਹੱਕ 'ਚ ਅਕਾਲੀ ਵਰਕਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਦੇ ਅਕਾਲੀ ਵਰਕਰਾਂ ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਦੇ ਚਲਦੇ ਅਕਾਲੀ ਵਰਕਰਾਂ ਨੇ ਢੀਂਡਸਾ ਪਰਿਵਾਰ ਦੇ ਹੱਕ 'ਚ ਸੰਗਰੂਰ ਦੇ ਪਿੰਡ ਤੋਲਾਵਾਲ ਵਿਖੇ ਇੱਕਠ ਕੀਤਾ।
ਇਸ ਦੌਰਾਨ ਅਕਾਲੀ ਵਰਕਰਾਂ ਨੇ ਕਿਹਾ ਢੀਂਡਸਾ ਪਰਿਵਾਰ ਵੱਲੋਂ ਸਿਧਾਂਤਕ ਲੜਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਲੜਾਈ 'ਚ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਬੋਲਦੇ ਹੋਏ ਵਰਕਰਾਂ ਨੇ ਕਿਹਾ ਕਿ ਪਾਰਟੀ 'ਚ ਅਹੁਦਿਆਂ ਦੀ ਚੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਲਿਫ਼ਾਫਾ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਪਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਉਹ ਅਜਿਹੇ ਅਕਾਲੀ ਦਲ ਦੇ ਨਾਲ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਢੀਂਡਸਾ ਪਰਿਵਾਰ ਦੀ ਸੋਚ ਨਾਲ ਖੜ੍ਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਮੇਂ 'ਚ ਸੀਨੀਅਰ ਅਕਾਲੀ ਆਗੂ ਜਿਵੇਂ ਕਿ ਰਣਜੀਤ ਸਿੰਘ ਬ੍ਰਹਿਮਪੁਰਾ, ਸੇਵਾ ਸਿੰਘ ਸੇਖਵਾਂ ਨੇ ਬਾਦਲ ਪਰਿਵਾਰ ਵਿਰੁੱਧ ਬਗਾਵਤੀ ਸੁਰ ਅਖ਼ਤਿਆਰ ਕੀਤੇ ਹੋਏ ਹਨ ਅਤੇ ਮੌਜੂਦਾ ਸਮੇਂ 'ਚ ਸੁਖਦੇਵ ਸਿੰਘ ਢੀਂਡਸਾ ਨੇ ਵੀ ਉਸੇ ਲੀਹ 'ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਦਿੱਲੀ 'ਚ ਵੀ ਅਕਾਲੀ ਦਲ ਨੂੰ ਵੱਡਾ ਝੱਟਕਾ ਲਗਾ ਹੈ ਜਿਥੇ ਭਾਜਪਾ ਨੇ ਅਕਾਲੀ ਦਲ ਤੋਂ ਬਗੈਰ ਵਿਧਾਨ ਸਭਾ ਚੋਣਾਂ ਲੜ੍ਹਨ ਦਾ ਫੈਸਲਾ ਕੀਤਾ ਹੈ।