ਸੰਗਰੂਰ : ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਤੇ ਧਰਨਾ ਦੇ ਰਹੀਆਂ ਹਨ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਇਸੇ ਕੜੀ 'ਚ ਹਲਕਾ ਧੂਰੀ ਵਿੱਚ ਅਕਾਲੀ ਦਲ ਤੇ ਕਿਸਾਨਾਂ ਨੇ ਵੱਖ-ਵੱਖ ਥਾਵਾਂ 'ਤੇ ਧਰਨਾ ਲਾਇਆ ਹੈ।
ਖੇਤੀ ਬਿੱਲਾਂ ਦੇ ਵਿਰੋਧ 'ਚ ਧਰਨਾ ਆੜਤ ਐਸੋਸੀਏਸ਼ਨ ਤੇ ਕਿਸਾਨਾਂ ਨੇ ਲਾਇਆ ਧਰਨਾ
ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਜੱਥੇਬੰਦੀਆਂ, ਆੜਤੀਆਂ, ਕਿਸਾਨਾਂ ਨੇ ਰੋਸ ਮਾਰਚ ਕੱਢਿਆ। ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨਾਂ, ਆੜਤੀਆਂ ਨੇ ਇਸ ਧਰਨੇ 'ਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਧੂਰੀ ਅਨਾਜ ਮੰਡੀ ਵਿੱਚ ਮਾਰਚ ਕਰਦੇ ਹੋਏ, ਕੱਕੜਵਾਲ ਚੌਂਕ ਤੱਕ ਪੈਦਲ ਮਾਰਚ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀ ਆਗੂ ਤੇ ਆੜਤ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਕਿਸਾਨ ਵਿਰੋਧੀ ਹਨ। ਇਨ੍ਹਾਂ ਖੇਤੀ ਬਿੱਲਾਂ ਨਾਲ ਮਹਿਜ਼ ਕਿਸਾਨ ਹੀ ਨਹੀਂ ਸਗੋਂ ਆੜਤੀ, ਦਿਹਾੜੀਦਾਰ, ਮਜ਼ਦੂਰ ਤੇ ਵਪਾਰੀ ਵਰਗ ਵੀ ਜੁੜੇ ਹੋਏ ਹਨ। ਉਨ੍ਹਾਂ ਇਸ ਨੂੰ ਕਿਸਾਨਾਂ ਦੀ ਜ਼ਮੀਨ 'ਤੇ ਜਬਰਨ ਕਬਜ਼ਾ ਕਰਨ ਦੀ ਸਾਜਿਸ਼ ਤੇ ਕਿਸਾਨਾਂ 'ਤੇ ਜਬਰਨ ਇਹ ਕਾਨੂੰਨ ਲਾਗੂ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਿਸਾਨ ਤੇ ਆੜਤੀਆਂ ਸਣੇ ਖੇਤੀਬਾੜੀ ਨਾਲ ਜੁੜੇ ਹੋਰਨਾਂ ਅਦਾਰਿਆਂ ਦੇ ਲੋਕ ਲਗਾਤਾਰ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਰਹਿਣਗੇ। ਕਿਸਾਨਾਂ ਨੇ ਕਿਹਾ ਜਦੋਂ ਕੇਂਦਰ ਇਨ੍ਹਾਂ ਬਿੱਲਾਂ ਨੂੰ ਵਾਪਸ ਨੂੰ ਲੈਂਦੀ ਉਦੋਂ ਤੱਕ ਉਨ੍ਹਾਂ ਦੀ ਸੰਘਰਸ਼ ਜਾਰੀ ਰਹੇਗਾ।
ਕਿਸਾਨਾਂ ਦੇ ਹੱਕ 'ਚ ਅਕਾਲੀਆਂ ਦਾ ਰੋਸ ਪ੍ਰਦਰਸ਼ਨ
ਸ਼੍ਰੋਮਣੀ ਅਕਾਲੀ ਦਲ ਵੱਲੋਂ ਧੂਰੀ ਵਿਖੇ ਕਿਸਾਨਾਂ ਦੇ ਹੱਕ 'ਚ ਖੇਤੀ ਆਰਡੀਨੈਂਸਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ 'ਚ ਧੂਰੀ ਤੋਂ ਹਲਕਾ ਇੰਚਾਰਜ ਹਰੀ ਸਿੰਘ ਪ੍ਰੀਤ ਸਣੇ ਵੱਡੀ ਗਿਣਤੀ 'ਚ ਅਕਾਲੀ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰੀ ਸਿੰਘ ਪ੍ਰੀਤ ਨੇ ਦੱਸਿਆ ਕਿ ਅਕਾਲੀ ਦਲ ਹਮੇਸ਼ਾਂ ਤੋਂ ਹੀ ਕਿਸਾਨ ਹਿਤੈਸ਼ੀ ਪਾਰਟੀ ਰਹੀ ਹੈ। ਇਸ ਲਈ ਅੱਜ ਕਿਸਾਨਾਂ ਦੇ ਹੱਕ ਅਕਾਲੀ ਦਲ ਦੇ ਪੰਜਾਬ ਭਰ 'ਚ ਚੱਕਾ ਜਾਮ ਕੀਤਾ ਹੈ ਅਤੇ ਸੂਬੇ 'ਚ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਕੈਬਿਨੇਟ 'ਚ ਖੇਤੀ ਆਰਡੀਨੈਂਸ ਸਬੰਧੀ ਬਿੱਲ ਪਾਸ ਹੋਣ 'ਤੇ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਬੀਬੀ ਬਾਦਲ ਨੇ ਆਪਣੀ ਕੇਂਦਰੀ ਵਜ਼ਾਰਤ ਛੱਡ ਕੇ ਅਕਾਲੀ ਦਲ ਦੇ ਸੱਚੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵੱਲੋਂ ਪੂਰੇ ਪੰਜਾਬ 'ਚ ਖੇਤੀ ਆਰਡੀਨੈਂਸਾਂ ਦੇ ਖਿਲਾਫ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।