ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਉਮੀਦਵਾਰਾਂ ਵੱਲੋਂ ਲਗਾਤਾਰ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨੇ ਗਏ ਉਮੀਦਵਾਰ ਭਗਵੰਤ ਮਾਨ ਵੀ ਧੂਰੀ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।
ਮਾਂ ਦੇ ਨਾਲ ਐਸਡੀਐਮ ਦਫਤਰ ਪਹੁੰਚੇ ਭਗਵੰਤ ਮਾਨ
ਦੱਸ ਦਈਏ ਕਿ ਭਗਵੰਤ ਮਾਨ ਐਸਡੀਐਮ ਦੇ ਦਫਤਰ ਵਿਖੇ ਆਪਣੀ ਮਾਂ ਦੇ ਨਾਲ ਪਹੁੰਚੇ ਸੀ। ਨਾਮਜ਼ਦਗੀ ਪਰਚਾ ਦਾਖ਼ਲ ਕਰਨ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਅਤੇ ਆਪਣੇ ਮਾਤਾ ਜੀ ਦਾ ਅਸ਼ੀਰਵਾਦ ਲਿਆ ਸੀ।
ਭਗਵੰਤ ਮਾਨ ਨੇ ਭਰੀ ਨਾਮਜ਼ਦਗੀ
ਆਮ ਆਦਮੀ ਪਾਰਟੀ ਨੂੰ ਮਿਲੇਗਾ ਵੱਡਾ ਸਮਰਥਨ- ਭਗਵੰਤ ਮਾਨ
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੰਜਾਬ ਚੋਣਾਂ ਚ ਧੂਰੀ ਤੋਂ ਜਿੱਤਣ ਲਈ ਮੇਰੀ ਅਤੇ ਆਮ ਆਦਮੀ ਪਾਰਟੀ ਦੀ ਮਦਦ ਕਰਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ ’ਚ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲੇਗਾ।
ਨਾਮਜ਼ਦਗੀ ਭਰਨ ਤੋਂ ਪਹਿਲਾਂ ਮਾਨ ਨੇ ਕੀਤੀ ਲੋਕਾਂ ਨੂੰ ਅਪੀਲ
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਧੂਰੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣਾ ਹੀ ਰਿਕਾਰਡ ਤੋੜ ਦੇਣ ਤਾਂ ਜੋ ਲੋਕ ਧੂਰੀ ਵਾਸੀਆਂ ਦੀਆਂ ਉਦਾਹਰਣਾਂ ਦੇਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਵਾਰ ਧੂਰੀ ਵਾਸੀਆਂ ਨੇ ਉਹਨਾਂ ਦਾ ਮਾਣ ਵਧਾਇਆ ਹੈ ਤੇ ਇਸ ਵਾਰ ਵੀ ਉਹ ਡੱਟ ਕੇ ਸਾਥ ਦੇਣਗੇ।
ਇਹ ਵੀ ਪੜੋ:Punjab Assembly Election 2022: CM ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ
ਭਗਵੰਤ ਮਾਨ ਦੀ ਨਿੱਜੀ ਜਾਣਕਾਰੀ
ਭਗਵੰਤ ਮਾਨ ਦਾ ਜਨਮ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਪਾਲ ਕੌਰ ਦੀ ਕੁੱਖੋ 17 ਅਕਤੂਬਰ 1973 ਨੂੰ ਪਿੰਡ ਸਤੌਜ (ਸੰਗਰੂਰ) ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਤੋਂ ਹਾਸਲ ਕੀਤੀ ਤੇ ਸਰਕਾਰੀ ਕਾਲਜ ਸੁਨਾਮ ਤੋਂ ਬੀਕਾਮ ਦੀ ਪੜ੍ਹਾਈ ਕੀਤੀ। ਉਹ ਪੇਸ਼ੇ ਤੋਂ ਸਮਾਜ ਸੇਵੀ ਸਨ ਤੇ ਮਾਸਟਰ ਵੀ ਰਹੇ। ਬਾਅਦ ਵਿੱਚ ਉਨ੍ਹਾਂ ਨੇ ਕਮੇਡੀ ਸ਼ੁਰੂ ਕੀਤੀ ਤੇ ਪੰਜਾਬੀ ਕਮੇਡੀ ਦੇ ਸਿਰਮੌਰ ਕਲਾਕਾਰ ਰਹੇ। ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
ਮਾਨ ਦਾ ਸਿਆਸੀ ਸਫ਼ਰ
- ਮਈ 2014-ਭਗਵੰਤ ਮਾਨ ਪਹਿਲੀ ਵਾਰ ਮਈ, 2014 ਨੂੰ 16ਵੀਂ ਲੋਕ ਸਭਾ ਲਈ ਚੁਣਿਆ ਗਿਆ।
- ਮਈ, 2019 ਨੂੰ 17ਵੀਂ ਲੋਕ ਸਭਾ ਲਈ ਮੁੜ ਚੁਣੇ ਗਏ (ਦੂਜਾ ਕਾਰਜਕਾਲ)
- ਗੁਰਪ੍ਰੀਤ ਘੁੱਗੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਉਪਰੰਤ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦਾ ਪ੍ਰਧਾਨ ਲਗਾ ਦਿੱਤਾ
- 1 ਸਤੰਬਰ 2014 ਤੋਂ 25 ਮਈ 2019 ਤੱਕ ਮੈਂਬਰ, ਸਥਾਈ ਕਮੇਟੀ ਆਨ ਪਰਸੋਨਲ, ਜਨਤਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਰਹੇ।
- 11 ਦਸੰਬਰ 2014 - 25 ਮਈ 2019 ਤੱਕ ਮੈਂਬਰ, ਸਲਾਹਕਾਰ ਕਮੇਟੀ, ਪੇਂਡੂ ਵਿਕਾਸ ਮੰਤਰਾਲੇ, ਪੰਚਾਇਤੀ ਰਾਜ ਅਤੇ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਦੇ ਦਫ਼ਤਰਾਂ ਦੀ ਸਾਂਝੀ ਕਮੇਟੀ ਦੇ ਮੈਂਬਰ ਰਹੇ।
- 13 ਸਤੰਬਰ 2019 ਅੱਗੇ ਮੈਂਬਰ, ਸਟੈਂਡਿੰਗ ਕਮੇਟੀ ਆਨ ਫੂਡ, ਕੰਜ਼ਿਊਮਰ ਮਾਮਲੇ ਅਤੇ ਜਨਤਕ ਵੰਡ ਮੈਂਬਰ, ਸਲਾਹਕਾਰ ਕਮੇਟੀ, ਵਿਦੇਸ਼ ਮੰਤਰਾਲੇ
ਸਾਹਿਤਕ, ਕਲਾਤਮਕ ਅਤੇ ਵਿਗਿਆਨਕ ਪ੍ਰਾਪਤੀਆਂ
- ਕਾਮੇਡੀ ਸੀਰੀਅਲ ਅਤੇ ਸੀਡੀਜ਼ ਬਣਾਈਆਂ ਜੋ ਬਹੁਤ ਮਸ਼ਹੂਰ ਹੋਈਆਂ ਅਤੇ ਲਾਈਵ ਦਿੱਤੀਆਂ ਤੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਦਰਸ਼ਨ ਜਿਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ
- ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ
- ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਅਤੇ ਹੁਣ ਵੀ ਹੈ
- ਉਨ੍ਹਾਂ ਦੀ ਭਲਾਈ ਲਈ ਕੰਮ ਕਰਦੇ ਹੋਏ, ਵੱਖ-ਵੱਖ ਨਾਟਕਾਂ ਅਤੇ ਸੰਗੀਤ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ
ਵਿਵਾਦ:
ਭਗਵੰਤ ਮਾਨ ਵਿਵਾਦਾਂ (Bhagwant Maan in dispute) ਵਿੱਚ ਵੀ ਘਿਰੇ ਰਹੇ ਹਨ। ਉਨ੍ਹਾਂ ਦਾ ਆਪਣੀ ਪਤਨੀ ਨਾਲ ਵਿਵਾਦ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਦਾ ਤਲਾਕ ਹੋ ਗਿਆ। ਭਗਵੰਤ ਮਾਨ ’ਤੇ ਸ਼ਰਾਬ ਪੀ ਕੇ ਆਮ ਲੋਕਾਂ ਵਿੱਚ ਜਾਣ ਦਾ ਦੋਸ਼ ਵੀ ਲੱਗਿਆ ਤੇ ਇਸ ਕਾਰਨ ਉਨ੍ਹਾਂ ਦਾ ਮੀਡੀਆ ਨਾਲ ਵੀ ਵਿਵਾਦ ਰਿਹਾ। ਇਹੋ ਨਹੀਂ ਉਨ੍ਹਾਂ ਨੂੰ ਬਰਗਾੜੀ ਮੋਰਚੇ ਦੀ ਸਟੇਜ ’ਤੇ ਇਸੇ ਕਾਰਨ ਨਹੀਂ ਚੜ੍ਹਨ ਦਿੱਤਾ ਗਿਆ ਕਿ ਉਨ੍ਹਾਂ ਦੇ ਮੂਹੋਂ ਸ਼ਰਾਬ ਦੀ ਬਦਬੂ ਆ ਰਹੀ ਸੀ।