ਪਟਿਆਲਾ: ਪੰਜਾਬ ਸਰਕਾਰ ਵੱਲੋਂ ਪਾਣੀ ਨੂੰ ਬਚਾਉਣ ਲਈ ਵੱਡੇ-ਵੱਡੇ ਦਾਅਵੇ ਜਿੱਥੇ ਖੋਖਲੇ ਸਾਬਤ ਹੋ ਰਹੇ ਹਨ, ਉੱਥੇ ਮੁੱਖ ਮੰਤਰੀ ਦੇ ਸ਼ਹਿਰ ਤੋਂ ਸਿਰਫ਼ 7 ਕਿਲੋਮੀਟਰ ਦੂਰ ਸਥਿਤ ਪਿੰਡ ਉੱਚਾ ਗਾਓਂ ਪੂਰੇ ਪੰਜਾਬ ਦੇ ਲਈ ਮਿਸਾਲ ਬਣਿਆ ਹੋਇਆ ਹੈ।
ਪਾਣੀ ਦੀ ਸੰਭਾਲ ਕਰਨਾ ਇਸ ਪਿੰਡ ਤੋਂ ਸਿੱਖੇ ਪੰਜਾਬ - ਉੱਚਾ ਗਾਓਂ
ਜਿੱਥੇ ਸਰਕਾਰਾਂ ਪਾਣੀ ਨੂੰ ਬਚਾਉਣ ਲਈ ਕਈ ਵੱਡੇ ਪ੍ਰੋਜੇਕਟਾਂ ਦਾ ਲਾਰਾ ਲਗਾ ਰਹੀਆਂ ਹਨ, ਉੱਥੇ ਹੁਣ ਲੋਕ ਖੁੱਦ ਹੀ ਪਾਣੀ ਦੀ ਸਾਂਭ ਲਈ ਅੱਗੇ ਆ ਰਹੇ ਹਨ। ਇਸ ਤਰ੍ਹਾਂ ਪਾਣੀ ਦਾ ਸੰਭਾਲ ਲਈ ਪਟਿਆਲਾ ਦਾ ਪਿੰਡ ਉੱਚਾ ਗਾਓਂ ਪੰਜਾਬ ਦੇ ਹੋਰਨਾਂ ਪਿੰਡਾਂ ਲਈ ਮਿਸਾਲ ਬਣ ਰਿਹਾ ਹੈ।
ਪਿੰਡ ਵਾਲਿਆਂ ਨੇ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਇੱਕ ਐੱਨਜੀਓ ਨਾਲ ਮਿਲ ਕੇ ਪਿੰਡ ਵਿੱਚ ਵਾਟਰ ਰਿਚਾਰਜਿੰਗ ਸਿਸਟਮ ਲਗਾਇਆ ਹੈ। ਇਸ ਨਾਲ ਬਰਸਾਤ ਅਤੇ ਹੋਰ ਪਿੰਡ ਦਾ ਵਿਅਰਥ ਪਾਣੀ ਧਰਤੀ ਹੇਠਾਂ ਜਾਂਦਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉਪਰ ਆਉਂਦਾ ਹੈ। ਇਸ ਸਿਸਟਮ ਨਾਲ ਲੱਗਭਗ 2 ਤੋਂ ਢਾਈ ਕਰੋੜ ਲੀਟਰ ਪਾਣੀ ਸਟੋਰ ਹੋ ਸਕਦਾ ਹੈ ਅਤੇ ਰੋਜ਼ਾਨਾ ਲੱਗਭਗ ਡੇਢ ਤੋਂ 2 ਲੱਖ ਲੀਟਰ ਪਾਣੀ ਧਰਤੀ ਹੇਠ ਰਿਚਾਰਜ ਹੋ ਕੇ ਜਾਂਦਾ ਹੈ।
ਇਸ ਨਾਲ ਕਿਸਾਨਾਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਅਕਸਰ ਬਰਸਾਤ ਦੇ ਮੌਸਮ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਇਸ ਇਲਾਕੇ 'ਚ ਕਿਸਾਨਾਂ ਦੀਆਂ ਫ਼ਸਲਾਂ ਸੜ ਜਾਂਦੀਆਂ ਸਨ ਪਰ ਹੁਣ ਉਸ ਤੋਂ ਵੀ ਰਾਹਤ ਮਿਲੀ ਹੈ ਕਿਉਂਕਿ ਜਿਹੜਾ ਵਾਧੂ ਪਾਣੀ ਹੁੰਦਾ ਹੈ ਉਹ ਇਸ ਸਿਸਟਮ ਰਾਹੀਂ ਧਰਤੀ ਹੇਠਾਂ ਜਾਂਦਾ ਹੈ। ਇਸ ਪ੍ਰੋਜੈਕਟ ਦੀ ਲਾਗਤ ਲੱਗਭਗ ਡੇਢ ਕਰੋੜ ਰੁਪਏ ਆਈ ਹੈ।