ਪਟਿਆਲਾ : ਈਟੀਟੀ.ਟੈਟ ਅਤੇ ਬੀਐੱਡ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਅਧਿਆਪਕਾਂ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮਮਹਿੰਦਰਾ ਦੇ ਘਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਮੰਤਰੀ ਬ੍ਰਹਮਮਹਿੰਦਰਾ ਨਾਲ ਮੁਲਾਕਾਤ ਕਰਨੀ ਚਾਹੀ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ।
ਇਸ ਬਾਰੇ ਦੱਸਦੇ ਹੋਏ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੈਂਬਰ ਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰ ਬਣਨ ਵੇਲੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਸੂਬਾ ਸਰਕਾਰ ਉੱਤੇ ਵਾਅਦਾਖਿਲਾਫ਼ੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਬਣੇ ਨੂੰ ਤਿੰਨ ਸਾਲ ਬੀਤ ਜਾਣ ਮਗਰੋਂ ਵੀ ਅਜੇ ਤੱਕ ਬੇਰੁਜ਼ਗਾਰ ਅਧਿਆਪਕਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਮੰਤਰੀ ਬ੍ਰਹਮਮਹਿੰਦਰਾ ਦੇ ਘਰ ਤੋਂ ਬਾਹਰ ਪ੍ਰਦਰਸ਼ਨ ਕਰ ਰਹੇ ਸੀ। ਉਨ੍ਹਾਂ ਵੱਲੋਂ ਮੰਤਰੀ ਨੂੰ ਮਿਲਣ ਦੀ ਅਪੀਲ ਕੀਤੇ ਜਾਣ 'ਤੇ ਮੰਤਰੀ ਦੇ ਪੀ.ਏ ਵੱਲੋਂ ਵੱਖ-ਵੱਖ ਬਹਾਨੇ ਬਣਾ ਕੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ।