ਪਟਿਆਲਾ: ਟੀਚਰ ਯੂਨੀਅਨ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਟਿਆਲਾ 'ਚ ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਦੂਜੇ ਦਿਨ ਵੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਟੀਚਰ ਯੂਨੀਅਨ ਨੂੰ ਸਮਰਥਨ ਦੇਣ ਲਈ ਪੁੱਜ ਰਹੇ ਹਨ।
ਟੀਚਰ ਯੂਨੀਅਨ ਦੇ ਇਸ ਧਰਨਾ ਪ੍ਰਦਰਸ਼ਨ 'ਚ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦਾ ਹਰੇਕ ਨੌਜਵਾਨ ਬੇਰੁਜ਼ਗਾਰ ਹੈ। ਸਰਕਾਰ ਨੇ ਜੇਕਰ ਨੌਕਰੀਆਂ ਦਿੱਤੀਆਂ ਵੀ ਹਨ ਤਾਂ ਉਹ ਆਪਣੇ ਚਹੇਤਿਆਂ ਨੂੰ ਦਿੱਤੀਆ ਹਨ।
ਪਟਿਆਲਾ 'ਚ ਦੂਜੇ ਦਿਨ ਵੀ ਧਰਨੇ 'ਤੇ ਬੈਠੇ ਟੀਚਰ ਰੱਖੜਾ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਘਰ-ਘਰ ਨੌਕਰੀਆਂ ਦੇਵਾਂਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਕੈਪਟਨ ਨੇ ਸਰਕਾਰ ਬਣਾਉਣ ਵੇਲੇ ਜੋ ਵੀ ਵਾਅਦੇ ਤੇ ਦਾਅਵੇ ਕੀਤੇ ਸਨ, ਉਸ 'ਚ ਉਹ ਪੂਰੀ ਤਰ੍ਹਾਂ ਫ਼ੇਲ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਭਾਖੜਾ 'ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਾਕਾਂ ਵਿੱਚੋਂ ਇੱਕ ਅਧਿਆਪਕ ਨੇ ਨਹਿਰ 'ਚ ਛਾਲ ਮਾਰ ਦਿੱਤੀ ਸੀ। ਉਸ ਨੂੰ ਰੱਸੇ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਸੀ। ਛਾਲ ਮਾਰਨ ਵਾਲਾ ਅਧਿਆਪਕ ਮਾਨਸਾ ਤੋਂ ਸੀ। ਦੱਸ ਦਈਏ ਕਿ ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਭਾਖੜਾ ਨਹਿਰ ਦੇ ਪੁਲ 'ਤੇ ਅਧਿਆਪਕਾਂ ਵੱਲੋਂ ਪਟਿਆਲਾ-ਸੰਗਰੂਰ ਰੋਡ ਜਾਮ ਕੀਤਾ ਗਿਆ ਸੀ।