ਪਟਿਆਲਾ: ਜ਼ਿਲ੍ਹੇ ਦੇ ਪਿੰਡ ਬੋਲੜ ਕਲਾਂ ਦੇ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਦੀ ਬਦਲੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆ ਤੋਂ ਬਾਅਦ ਹੁਣ ਸਕੂਲ ਦੇ ਵਿਦਿਆਰਥੀਆਂ ਨੇ ਸਿੱਖਿਆ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਸਾਰੇ ਵਿਦਿਆਰਥੀਆਂ ਨੇ ਕਲਾਸਾਂ ਅਤੇ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਹੈ ਤਾਂ ਉਹ ਇਸ ਸੰਘਰਸ਼ ਨੂੰ ਰੋਹ ਤਿੱਖਾ ਕਰ ਦੇਣਗੇ। ਇਸ ਮੌਕੇ ਵਿਦਿਆਰਥੀਆਂ ਨੇ ਪਿੰਡ ਦੇ ਸਰਪੰਚ 'ਤੇ ਵੀ ਕਈ ਗੰਭੀਰ ਦੋਸ਼ ਲਾਏ ਹਨ।
ਪੇਪਰਾਂ ਦਾ ਬਾਈਕਾਟ ਕਰ ਅਧਿਆਪਕ ਦੇ ਹੱਕ 'ਚ ਧਰਨੇ 'ਤੇ ਬੈਠੇ ਵਿਦਿਆਰਥੀ - student protest in patiala
ਪਟਿਆਲਾ ਦੇ ਪਿੰਡ ਬੋਲੜ ਕਲਾਂ ਸਕੂਲ ਵਿੱਚ ਇੱਕ ਅਧਿਆਪਕ ਦੀ ਬਦਲੀ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਸਦੇ ਚਲਦਿਆਂ ਅੱਜ ਸਾਰੇ ਵਿਦਿਆਰਥੀਆਂ ਨੇ ਜਿਥੇ ਕਲਾਸਾਂ ਅਤੇ ਪੇਪਰਾਂ ਦਾ ਬਾਈਕਾਟ ਕੀਤਾ ਉਥੇ ਹੀ ਉਨ੍ਹਾਂ ਵੱਲੋਂ ਅੱਜ ਇੱਥੇ ਡੀਓ ਦਫਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ 'ਤੇ ਬੈਠੇ ਵਿਦਿਆਰਥੀਆਂ ਦੀ ਮੰਗ ਹੈ ਕਿ ਅਧਿਆਪਕ ਭੁਪਿੰਦਰ ਸਿੰਘ ਦੀ ਬਦਲੀ ਨੂੰ ਰੱਦ ਕਰਕੇ ਉਨ੍ਹਾਂ ਦੀ ਮੁੜ ਸਕੂਲ ਵਿੱਚ ਨਿਯੁਕਤੀ ਕੀਤੀ ਜਾਵੇ। ਸ਼ੁੱਕਰਵਾਰ ਦੁਪਹਿਰ ਨੂੰ 2 ਵਜੇ ਦੇ ਕਰੀਬ ਬੋਲੜ ਸਕੂਲ ਦੇ ਵਿਦਿਆਰਥੀ ਤੇ ਮਾਪੇ ਟਰਾਲੀਆਂ ਭਰ ਕੇ ਸਿੱਖਿਆ ਦਫ਼ਤਰ ਪਟਿਆਲਾ ਵਿਖੇ ਪੁੱਜੇ ਜਿਨ੍ਹਾਂ ਨੇ ਸਿੱਖਿਆ ਵਿਭਾਗ ਵਿਰੁੱਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆ ਦੇ ਮਾਪਿਆ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਭੁਪਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੜ੍ਹਾਇਆ ਜਾਂਦਾ ਸੀ। ਇਸ ਦੇ ਨਾਲ ਹੀ ਜੋ ਵਿਦਿਆਰਥੀ ਲੋੜਵੰਦ ਹਨ, ਉਨ੍ਹਾਂ ਨੂੰ ਪੱਲਿਓ ਫ਼ੀਸਾਂ, ਸਟੇਸ਼ਨਰੀ, ਜਰਸੀਆਂ, ਕਿਤਾਬਾ ਆਦਿ ਮੁਹੱਈਆਂ ਕਰਵਾਈਆਂ ਜਾਂਦੀਆਂ ਰਹੀਆਂ।