ਪਟਿਆਲਾ: ਰਾਜਪੁਰਾ ਨਾਲ ਲਗਦੇ ਪਿੰਡ ਗੰਡਾ ਖੇੜੀ ਤੋਂ ਲਾਪਤਾ ਹੋਏ ਬਚਿਆਂ ਦੀ 12 ਦਿਨਾਂ ਬਾਅਦ ਵੀ ਕੋਈ ਉੱਘ-ਸੁੱਘ ਨਹੀਂ ਲੱਗੀ ਹੈ। ਇਸ ਮਾਮਲੇ 'ਚ ਇੱਕ ਨਵਾਂ ਮੋੜ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਸੀਸੀਟੀਵੀ ਦੀ ਫੁਟੇਜ ਪੁਲਿਸ ਵੱਲੋਂ ਜਾਰੀ ਕੀਤੀ ਗਈ। ਇਸ ਸੀਸੀਟੀਵੀ 'ਚ ਬੱਚਿਆਂ ਦਾ ਪਿਤਾ 9:25 'ਤੇ ਇੱਕ ਢਾਬੇ 'ਤੇ ਰੋਟੀ ਖਾ ਰਿਹਾ ਹੈ ਜਦ ਕਿ ਪੁਲਿਸ ਜਾਂਚ ਵਿੱਚ ਬੱਚਿਆਂ ਦੇ ਪਿਤਾ ਇਹ ਕਹਿੰਦਾ ਆ ਰਿਹਾ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਉਹ ਘਰ ਆ ਗਿਆ ਸੀ। ਦੱਸਣਯੋਗ ਹੈ ਕਿ ਪਰਿਵਾਰ ਮੁਤਾਬਕ ਉਨ੍ਹਾਂ ਦੇ ਬੱਚੇ ਰਾਤ 8:30 ਵਜੇ ਲਾਪਤਾ ਹੋਏ ਸਨ।
ਇਸ ਫੁਟੇਜ ਦੇ ਸਾਹਮਣੇ ਆਉਣ ਤੋਂ ਬਾਅਦ ਡੀ.ਐੱਸ.ਪੀ. ਮਨਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੇ ਸਦਮੇ 'ਚ ਆ ਕੇ ਬੱਚਿਆਂ ਦੇ ਲਾਪਤਾ ਹੋਣ ਦਾ ਸਮਾਂ ਵੱਧ-ਘੱਟ ਦੱਸ ਦਿੱਤਾ ਹੋਣਾ ਹੈ, ਇਸ ਦਾ ਤਫ਼ਤੀਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਵੇਖੀ ਜਾ ਰਹੀ ਹੈ। ਦੂਜੇ ਪਾਸੇ ਏਡੀਜੀਪੀ ਅਰਪਿਤ ਸ਼ੁਕਲਾ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਇਸ ਕੇਸ ਨੂੰ ਲੈ ਕੇ ਕੰਮ ਕਰ ਰਹੀਆਂ ਹਨ ਤੇ ਆਸ ਹੈ ਕਿ ਜਲਦ ਹੀ ਬੱਚਿਆਂ ਦਾ ਪਤਾ ਲਗਾ ਲਿਆ ਜਾਵੇਗਾ।