ਪਟਿਆਲਾ: ਸੂਬੇ ਭਰ ਦੇ ਪਟਵਾਰੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਕੜੀ 'ਚ ਨਾਭਾ ਵਿਖੇ ਪਟਵਾਰੀ ਵਰਗ ਨੇ ਆਪਣੀਆਂ ਹੱਕਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪਟਵਾਰ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ ਗਿਆ।
ਪਟਵਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਪਟਵਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਦਾਸ ਬਾਵਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾ ਕਈ ਵਾਅਦੇ ਕੀਤੇ ਸਨ, ਪਰ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਵੀ ਬੰਦ ਕਰ ਦਿੱਤਾ ਹੈ, ਜੋ ਕਿ ਗ਼ਲਤ ਹੈ। ਇਸ ਤੋਂ ਇਲਾਵਾ ਸਾਲ 2016 'ਚ ਭਰਤੀ ਹੋਏ ਨਵੇਂ ਮੁਲਾਜ਼ਮਾਂ ਨੂੰ ਪਹਿਲੇ ਡੇਢ ਸਾਲ ਟ੍ਰੇਨਿੰਗ 'ਤੇ ਰੱਖਿਆ ਗਿਆ ਤੇ ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।
ਪਟਵਾਰ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਅਠਾਰਾਂ ਮਹੀਨੇ ਦੀ ਟ੍ਰੇਨਿੰਗ ਨੂੰ ਵੀ ਸੇਵਾ ਕਾਲ ਵਿੱਚ ਸ਼ਾਮਲ ਕੀਤਾ ਜਾਵੇ। ਸਰਕਾਰ ਵੱਲੋਂ 2016 ਵਿੱਚ ਲਏ ਗਏ ਫੈਸਲੇ ਦੇ ਮੁਤਾਬਕ ਪਟਵਾਰੀਆਂ ਨੂੰ ਵਰਕ ਸਟੇਸ਼ਨ ਤਿਆਰ ਕਰਕੇ ਦਿੱਤੇ ਜਾਣ। ਨਾਇਬ ਤਹਿਸੀਲਦਾਰ ਦਾ ਤਰੱਕੀ ਕੋਟਾ 100 ਫੀਸਦੀ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ ਸਰਕਾਰ ਵੱਲੋਂ 4716 ਪਟਵਾਰੀਆਂ ਦੀਆਂ ਅਸਾਮੀਆਂ ਵਿੱਚੋਂ 2648 ਪੋਸਟਾਂ ਖਾਲੀ ਹਨ, ਜਿਸ ਕਾਰਨ ਪਟਵਾਰੀਆਂ ਉੱਪਰ ਵਾਧੂ ਕੰਮ ਹੋਣ ਕਾਰਨ ਮਾਨਸਿਕ ਬੋਝ ਵੀ ਵੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੁਲਿਸ ਕੇਸਾਂ ਵਿੱਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ ਬਿਨ੍ਹਾਂ ਵਿਭਾਗੀ ਪੜਤਾਲ ਤੋਂ ਨਾ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਮੰਗਾਂ ਪੂਰੀਆਂ ਨਾ ਹੋਣ 'ਤੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।