ਪਟਿਆਲਾ:ਪਟਿਆਲਾ ਪੁਲਿਸ ਨੇ ਥਾਣਾ ਲਾਹੌਰੀ ਗੇਟ ਦੇ ਅਧੀਨ ਬੀਤੇ ਦਿਨ ਹੋਏ ਇੱਕ ਕਤਲ ਦੇ ਮਾਮਲੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਸੁਲਝਾਅ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਤੋਂ ਵਾਰਦਾਤ 'ਚ ਵਰਤਿਆ ਛੁਰਾ ਅਤੇ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਐਸ.ਪੀ. ਸਿਟੀ ਹਰਪਾਲ ਸਿੰਘ, ਡੀ.ਐਸ.ਪੀ. ਸਿਟੀ-1 ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਥਾਣਾ ਲਾਹੌਰੀ ਗੇਟ ਦੇ ਮੁਖੀ ਐਸ.ਆਈ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਣਾਈ ਵਿਸ਼ੇਸ਼ ਟੀਮ ਨੇ ਇਹ ਮਾਮਲਾ ਹੱਲ ਕਰ ਲਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮ੍ਰਿਤਕ ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਸ਼ਮੇਸ਼ ਨਗਰ, ਪਟਿਆਲਾ ਦੀ ਉਮਰ ਕੋਈ ਸਾਢੇ 18 ਕੁ ਸਾਲ ਸੀ ਅਤੇ ਉਹ ਪੀਜ਼ੇ ਵਾਲੀ ਰੇਹੜੀ 'ਤੇ ਕੰਮ ਕਰਦਾ ਸੀ। ਜਦੋਂਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੋਨੋ ਉਰਫ਼ ਸਨੀ ਉਰਫ਼ ਬਾਜਾ ਅਤੇ ਸ਼ੁਭਮ ਕੁਮਾਰ ਸੀਬੂ ਪੁਤਰਾਨ ਵਿਨੋਦ ਕੁਮਾਰ ਵਾਸੀਅਨ 66 ਕੇ.ਵੀ. ਗਰਿਡ ਕਲੋਨੀ ਪਟਿਆਲਾ ਵੀ 18-20 ਸਾਲ ਦੇ ਹਨ। ਮੁਢਲੀ ਪੜਤਾਲ ਤੋਂ ਇਨ੍ਹਾਂ ਦੀ ਪਹਿਲਾਂ ਕੋਈ ਆਪਸੀ ਦੁਸ਼ਮਣੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਕੋਈ ਹੋਰ ਵਜ੍ਹਾ ਹੀ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਪ੍ਰਿਤਪਾਲ ਸਿੰਘ ਵੀ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਇਹ ਦੋਵੇਂ ਵੀ ਮੱਥਾ ਟੇਕਣ ਗਏ ਸਨ, ਜਿੱਥੇ ਇਨ੍ਹਾਂ ਦਾ ਗਾਲ ਕੱਢਣ ਨੂੰ ਲੈ ਕੇ ਮਾਮੂਲੀ ਤਕਰਾਰ ਹੋਇਆ ਅਤੇ ਇਸ ਤਕਰਾਰਬਾਜੀ 'ਚ ਹੀ ਸ਼ੁਭਮ ਸੀਬੂ ਨੇ ਛੁਰਾ ਮਾਰ ਦਿੱਤਾ ਜੋ ਕਿ ਉਸਦੇ ਸੀਨੇ 'ਚ ਲੱਗਣ ਕਰਕੇ ਉਸਦੀ ਮੌਤ ਹੋ ਗਈ।