ਪਟਿਆਲਾ: ਕੋਰੋਨਾ ਵਾਇਰਸ ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਭਾਰਤ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 93 ਲੋਕ ਇਸ ਮਹਾਂਮਾਰੀ ਨਾਲ ਪੀੜਤ ਹਨ। ਇਸ ਮਹਾਂਮਾਰੀ ਦੇ ਲਗਾਤਾਰ ਵਾਧੇ ਤੋਂ ਬਾਅਦ ਭਾਰਤ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਹੀ ਚਲਦਿਆਂ ਪੰਜਾਬ ਸਰਕਾਰ ਨੇ ਇੱਕ ਐਡਵਾਇਜ਼ਰੀ ਜ਼ਾਰੀ ਕੀਤੀ ਹੈ।
ਕੋਰੋਨਾ ਵਾਇਰਸ 'ਤੇ ਜਾਰੀ ਐਡਵਾਇਜ਼ਰੀ ਦੀ ਪਟਿਆਲਾ ਦੇ ਮੇਅਰ ਨੇ ਉਡਾਈਆਂ ਧੱਜੀਆਂ - ਅਡਵਾਇਜਰੀ
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਐਡਵਾਇਜ਼ਰੀ ਦੀ ਪ੍ਰਵਾਹ ਕੀਤੇ ਬਿਨਾਂ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਮਾਗਮ ਕਰਵਾਇਆ। ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠੇ ਹੋਇਆ।
ਇਸ ਐਡਵਾਇਜ਼ਰੀ ਦੀ ਪ੍ਰਵਾਹ ਕੀਤੇ ਬਿਨਾਂ ਹੀ ਪਟਿਆਲਾ 'ਚ ਮੇਅਰ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੇਅਰ ਸੰਜੀਵ ਕੁਮਾਰ ਸ਼ਰਮਾ ਉਰਫ ਬਿੱਟੂ ਨੂੰ ਆਪਣੀ ਹੀ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੀ ਗਈ ਐਡਵਾਇਜ਼ਰੀ ਸਮਝ ਨਹੀਂ ਆਈ ਤੇ ਨਗਰ ਨਿਗਮ ਹਾਲ ਵਿੱਚ ਉਨ੍ਹਾਂ ਨੇ ਇੱਕ ਸਮਾਗਮ ਕਰਵਾਇਆ। ਇਸ ਮੌਕੇ ਕਈ ਲੋਕਾਂ ਦਾ ਇਕੱਠ ਮੌਜੂਦ ਸੀ, ਇਸ ਤੋਂ ਇਲਾਵਾ ਉਹ ਫੇਸਬੁੱਕ ਪੇਜ ਉੱਪਰ ਲਾਈਵ ਵੀ ਹੋਏ ਸਨ।
ਜ਼ਿਕਰਖ਼ਾਸ ਹੈ ਕਿ ਸਰਕਾਰ ਦੀ ਐਡਵਾਇਜ਼ਰੀ ਮੁਤਾਬਕ ਕੋਈ ਸਕੂਲ, ਕਾਲੇਜ, ਰੈਸਟੋਰੈਂਟ, ਸਿਨੇਮਾ ਹਾਲ ਨੂੰ 31 ਮਾਰਚ ਤੱਕ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਹਿਦਾਇਤ ਜਾਰੀ ਕੀਤੀ ਹੈ ਕਿ ਕੋਈ ਵੀ ਸਮਾਗਮ ਜਾਂ ਇਕੱਠ ਨਾ ਕਰਨ ਕਿਉਂਕਿ ਇਕੱਠ ਰਾਹੀਂ ਇਹ ਵਾਇਰਸ ਜਲਦੀ ਫੈਲਦਾ ਹੈ।