ਪਟਿਆਲਾ:ਪੰਜਾਬ ਵਿੱਚ ਨਵੀਂ ਸਰਕਾਰ ਨਵੀਂਆਂ ਉਮੰਗਾਂ ਨਾਲ ਮੈਦਾਨ ਵਿੱਚ ਉਤਰੀ ਅਤੇ ਆਉਂਦੇ ਹੀ ਮੁੱਖ ਮੰਤਰੀ ਮਾਨ ਨੇ ਕਈ ਤਰ੍ਹਾਂ ਦੇ ਐਲਾਨ ਵੀ ਕਰ ਦਿੱਤੇ ਹਨ, ਪਰ ਬੀਤੇ ਸਮੇਂ ਵਿੱਚ ਜੋ ਸ਼ਰ੍ਹੇਆਮ ਕਾਤਲਾਂ ਦੀ ਖੇਡ ਖੇਡੀ ਜਾ ਰਹੀ ਹੈ ਉਸ ਗੱਲ ਨੂੰ ਲੈ ਕੇ ਹਰ ਕੋਈ ਆਪ ਸਰਕਾਰ 'ਤੇ ਸਵਾਲ ਚੁੱਕ ਰਿਹਾ ਹੈ, ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਚੁੱਪ ਨਹੀਂ ਹਨ ਉਹ ਵੀ ਲਗਾਤਾਰ ਆਪ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਸ਼ਹਿਰ 'ਚ ਬੀਤੇ ਦਿਨ ਦੋਹਰੇ ਕਤਲ ਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਜਾਣੋ ਪੂਰੇ ਮਾਮਲੇ ਬਾਰੇ: ਪੰਜਾਬੀ ਯੂਨੀਵਰਸਿਟੀ ਨੇੜੇ ਇੱਕ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਦੂਜੇ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਇਸ ਮਾਮਲੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਮ੍ਰਿਤਕ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦੌਣ ਕਲਾਂ ਦਾ ਰਹਿਣ ਵਾਲਾ ਸੀ। ਧਰਮਿੰਦਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਮਾਮਲੇ 'ਤੇ ਸਿਆਸੀ ਪ੍ਰਤੀਕਰਮ: ਉੱਥੇ ਹੀ ਇਸ ਮਾਮਲੇ ਤੋਂ ਬਾਅਦ ਹੁਣ ਸਿਆਸੀ ਗਰਮਾ-ਗਰਮੀ ਵੀ ਤੇਜ਼ ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਈ ਕਾਂਗਰਸੀ ਵਰਕਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਕਤਲ ਨੂੰ ਅੰਜਾਮ ਦੇਣ ਵਾਲਾ ਅਜੇ ਪੁਲਿਸ ਤੋਂ ਫ਼ਰਾਰ ਹੈ ਪਰ ਅਸੀਂ ਤਿੰਨ ਦਿਨ ਦਾ ਸਮਾਂ ਦੇ ਰਹੇ ਹਾਂ ਜੇਕਰ 3 ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਸੂਬੇ ਵਿੱਚ ਇਹ ਕਹਿ ਕੇ ਆਈ ਸੀ ਕਿ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣ ਦੇਣੇ ਸਗੋਂ ਇਥੇ ਹੀ ਉਹਨਾਂ ਲਈ ਰੁਜ਼ਗਾਰ ਪੈਦਾ ਕੀਤਾ ਜਾਵੇਗਾ। ਪਰ ਤੁਸੀਂ ਇਹ ਦੱਸੋ ਕਿ ਸੂਬੇ ਵਿੱਚ 20 ਦਿਨਾਂ ਵਿੱਚ 25 ਕਤਲ ਹੋ ਜਾਂਦੇ ਹਨ ਤਾਂ ਕਿਸ ਦਾ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿਣ ਨੂੰ ਦਿਲ ਕਰੇਗਾ। ਉਹਨਾਂ ਨੇ ਕਿਹਾ ਕਿ ਇਹ ਬਦਲਾ ਹੈ? ਦੂਜੇ ਪਾਸੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।