ਪਟਿਆਲਾ: ਪੰਜਾਬ 'ਚ ਹਾਈ ਅਲਰਟ ਜਾਰੀ ਹੋਣ 'ਤੇ ਸੂਬੇ ਦੇ ਵੱਖ ਵੱਖ ਥਾਵਾਂ 'ਤੇ ਸੁਰੱਖਿਆ ਵਧਾਈ ਗਈ ਹੈ। ਪੰਜਾਬ ਦੇ ਸ਼ਾਹੀ ਸ਼ਹਿਰ ਕਹਾਉਣ ਵਾਲੇ ਪਟਿਆਲੇ 'ਚ ਸੁਰੱਖਿਆ ਪ੍ਰਬੰਧ ਕਿਹੋ ਜਿਹੇ ਹਨ ਇਸ ਦਾ ਜਾਇਜ਼ਾ ਈਟੀਵੀ ਭਾਰਤ ਦੀ ਟੀਮ ਨੇ ਲਿਆ ਜਿਸ ਨਾਲ ਸੁਰੱਖਿਆ ਨੂੰ ਲੈ ਕੇ ਜ਼ਮੀਨੀ ਪੱਧਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਪਟਿਆਲਾ ਸ਼ਹਿਰ ਚ ਵੜਦਿਆਂ ਹੀ ਅਰਬਨ ਅਸਟੇਟ ਬਾਈ ਪਾਸ ਚੌਂਕ, ਦਿੱਲੀ ,ਚੰਡੀਗੜ੍ਹ ਤੇ ਬਠਿੰਡਾ, ਸੰਗਰੂਰ ਵਗਰੇ ਵੱਖ ਵੱਖ ਜ਼ਿਲ੍ਹਿਆਂ ਅਤੇ ਸ਼ਹਿਰਾਂ ਵੱਲ ਨੂੰ ਜਾਂਦੇ ਰਾਹਾਂ ਅਤੇ ਚੌਕਾਂ 'ਤੇ ਇੱਕ ਵੀ ਸੁਰੱਖਿਆ ਕਰਮੀ ਵੇਖਣ ਨੂੰ ਨਹੀਂ ਮਿਲਿਆ।
ਸੁਰੱਖਿਆ ਸਬੰਧੀ ਲੋਕਾਂ ਦੇ ਵਿਚਾਰਾਂ ਨੂੰ ਜਾਣਦਿਆਂ ਪਤਾ ਲੱਗਾ ਕਿ ਪਟਿਆਲੇ 'ਚ ਪੁਲਿਸ ਪ੍ਰਬੰਧ ਠੀਕ ਨਹੀਂ ਹੈ ਅਤੇ ਉਨ੍ਹਾਂ ਦੇ ਅਨੁਸਾਰ ਸੂਬੇ 'ਚ ਅਲਰਟ ਜਾਰੀ ਹੋਣ 'ਤੋਂ ਬਾਅਦ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਸਨ। ਈਟੀਵੀ ਭਾਰਤ ਦੀ ਟੀਮ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਵਾਈਪੀਐਸ ਚੌਂਕ, 22 ਨੰਬਰ ਫਾਟਕ ਅਤੇ ਬਸ ਸਟੈਂਡ ਅਤੇ ਕਈ ਹੋਰ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਪਰ ਜ਼ਮੀਨੀ ਹਕੀਕਤ ਪ੍ਰਸ਼ਾਸਨ ਦੇ ਬਿਆਨ ਦੇ ਉਲਟ ਨਜ਼ਰ ਆਉਂਦੀ ਹੈ।