ਪਟਿਆਲਾ: ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਬੀਤੀ 22 ਨਵੰਬਰ ਨੂੰ ਹਸਪਤਾਲ ਵੱਲੋਂ ਸਹੀ ਸਮੇਂ 'ਤੇ ਜੱਚਾ ਦਾ ਆਪਰੇਸ਼ਨ ਨਾ ਹੋਣ ਕਰਕੇ ਬੱਚੇ ਦੀ ਮੌਤ ਹੋ ਗਈ। ਬਚੇ ਦੇ ਪਿਤਾ ਗੁਰਸੇਵਕ ਸਿੰਘ ਨੇ ਇਲਜ਼ਾਮ ਲਗਾਇਆ ਕਿ ਡਾਕਟਰਾਂ ਨੇ ਲਾਪ੍ਰਵਾਹੀ ਵਰਤੀ ਹੈ, ਇਸ ਕਰਕੇ ਮਾਸੂਮ ਬੱਚੇ ਨੂੰ ਜਾਨ ਤੋਂ ਹੱਥ ਧੋਣਾ ਪਿਆ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸ ਦੀ ਪਤਨੀ ਦਾ ਇਲਾਜ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਚੱਲ ਰਿਹਾ ਸੀ। ਬੀਤੀ 15 ਤਾਰੀਕ ਨੂੰ ਡਾਕਟਰਾਂ ਵੱਲੋਂ ਹਦਾਇਤ ਜਾਰੀ ਕੀਤੀ ਗਈ ਕਿ ਬੱਚੇ ਦੀ ਧੜਕਨ ਘੱਟ ਵੱਧ ਹੋ ਰਹੀ ਹੈ ਤੇ ਗੁਰਸੇਵਕ ਦੀ ਘਰਵਾਲੀ ਦਾ ਬੀਪੀ ਵੀ ਵਧ ਰਿਹਾ ਹੈ। ਇਸ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਤਾਂ ਜੋ ਜ਼ਰੂਰਤ ਪੈਣ 'ਤੇ ਡਾਕਟਰ ਉਸ ਦੀ ਮਦਦ ਕਰ ਸਕਣ। ਬੱਚੇ ਦੀ ਡਿਲਵਰੀ ਡਾਕਟਰ ਨੇ 20 ਨਵੰਬਰ ਨੂੰ ਮੁਕਰਰ ਕੀਤੀ ਸੀ। ਬੱਚੇ ਦੇ ਪਿਤਾ ਨੇ ਦੱਸਿਆ ਕਿ ਪਰ 21 ਨਵੰਬਰ ਵੀ ਲੰਘ ਗਈ ਪਰ ਉਸ ਦੀ ਪਤਨੀ ਦੀ ਡਿਲਵਰੀ ਨਹੀਂ ਕੀਤੀ ਗਈ।
ਗੁਰਸੇਵਕ ਸਿੰਘ ਨੇ ਜਦ ਡਾਕਟਰ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਅਲਟਰਾਸਾਊਂਡ ਕਰਾਉਣ ਲਈ ਜੱਚਾ ਨੂੰ ਭੇਜ ਦਿੱਤਾ। ਇਸ ਦੌਰਾਨ ਜਦ ਅਲਟਰਾਸਾਊਂਡ ਦੀ ਰਿਪੋਰਟ ਸਾਹਮਣੇ ਆਈ ਤਾਂ ਉਸ ਵਿੱਚ ਬੱਚਾ ਮ੍ਰਿਤਕ ਪਾਇਆ ਗਿਆ। ਇਸ ਤੋਂ ਬਾਅਦ ਆਪਰੇਸ਼ਨ ਕਰ ਬੱਚੇ ਨੂੰ ਬਾਹਰ ਕੱਢਿਆ ਗਿਆ। ਬੱਚੇ ਦੀ ਮੌਤ ਦੀ ਖ਼ਬਰ ਤੋਂ ਬਾਅਦ ਤੋਂ ਹੀ ਪਰਿਵਾਰ ਸਦਮੇ 'ਚ ਹੈ।