ਪਟਿਆਲਾ: ਜ਼ਿਲ੍ਹੇ ਦੇ ਪਿੰਡ ਦੋਦੜਾ ਦਾ ਜਵਾਨ ਰਾਜਵਿੰਦਰ ਸਿੰਘ ਬੀਤੇ ਦਿਨ ਪੁਲਵਾਮਾ ਵਿੱਚ ਅੱਤਵਾਦੀਆਂ ਨਾਲ ਟੱਕਰ ਲੈਂਦਾ ਸ਼ਹੀਦ ਹੋ ਗਿਆ ਸੀ। ਰਾਜਵਿੰਦਰ ਦੇ ਪਿਤਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਸ਼ਹੀਦੀ 'ਤੇ ਮਾਣ ਹੈ।
ਜਵਾਨ ਪੁੱਤ ਦੀ ਸ਼ਹਾਦਤ 'ਤੇ ਪਿਤਾ ਨੂੰ ਮਾਣ ਰਾਜਵਿੰਦਰ ਦੇ ਪਿਤਾ ਨੇ ਕਿਹਾ ਕਿ ਉਹ ਬੜਾ ਹੀ ਲਾਡਲਾ ਸੀ ਭਾਵੇਂ ਉਸ ਦੀ ਉਮਰ 29 ਵਰ੍ਹਿਆਂ ਦੀ ਹੋ ਗਈ ਸੀ ਪਰ ਜਦੋਂ ਉਹ ਘਰ ਆਉਂਦਾ ਤਾਂ ਮੇਰੇ ਨਾਲ ਹੀ ਸੌਂਦਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਸੁਭਾਅ ਬੜਾ ਵਧੀਆ ਸੀ, ਜਦੋਂ ਵੀ ਪਿੰਡ ਆਉਂਦਾ ਤਾਂ ਹਰ ਕਿਸੇ ਨੂੰ ਹੱਸ ਕੇ ਮਿਲਦਾ ਸੀ।
ਅਵਤਾਰ ਸਿੰਘ ਨੇ ਨਮ ਅੱਖਾਂ ਨਾਲ ਕਿਹਾ ਕਿ ਮੇਰਾ ਪੁੱਤ ਕੋਈ ਪਹਿਲਾ ਸ਼ਹੀਦ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਆਏ ਦਿਨ ਜਵਾਨ ਸ਼ਹੀਦ ਹੁੰਦੇ ਹਨ। ਇਸ ਮੁਤੱਲਕ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਬੜੇ ਭਿੱਜੇ ਮਨ ਨਾਲ ਕਿਹਾ ਕਿ ਉਨ੍ਹਾਂ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ ਹੈ।
ਜ਼ਿਕਰ ਕਰ ਦਈਏ ਕਿ ਰਾਜਵਿੰਦਰ ਸਿੰਘ ਦੀ ਸ਼ਹਾਦਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ 50 ਲੱਖ ਦੇ ਮੁਆਵਜ਼ੇ ਸਮੇਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਵੀ ਗੱਲ ਆਖੀ ਹੈ।