ਪਟਿਆਲਾ : ਪੰਜਾਬ ਦੀ ਰਾਜਨੀਤੀ 'ਚ ਅਕਾਲੀ ਦਲ ਨੂੰ ਸੌ ਸਾਲ ਹੋ ਚੁੱਕੇ ਹਨ। ਸੌ ਸਾਲ ਬਾਅਦ ਅਕਾਲੀ ਦਲ ਉਪਰ ਬਾਦਲ ਪਰਿਵਾਰ ਦਾ ਕਬਜ਼ਾ ਬਾਬਸਤਾ ਜਾਰੀ ਹੈ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਸ਼ਤਰੰਜ ਦੇ ਮੋਹਰਿਆਂ ਨੂੰ ਇਸ ਤਰ੍ਹਾਂ ਸਜਾਇਆ ਗਿਆ ਹੈ ਪ੍ਰਧਾਨ ਦੀ ਕੁਰਸੀ ਦਾ ਰਾਹ ਉਨ੍ਹਾਂ ਦੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਉਨ੍ਹਾਂ ਦੇ ਹੀ ਬੂਹ੍ਹੇ ਅੱਗੇ ਮੁੱਕ ਜਾਂਦਾ ਹੈ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਇੱਕੋ ਇੱਕ ਸੁਪਨਾ ਆਪਣੇ ਸਪੁੱਤਰ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਦੇਖਣਾ ਹੈ। ਇਸ ਸ਼ਤਰੰਜ ਦੀ ਖੇਡ ਤੋਂ ਤੌਬਾ ਕਰਕੇ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਵੱਡੇ ਕੱਦ ਦੇ ਨੇਤਾ ਬੌਨੇ ਨੇਤਾਵਾਂ ਨੂੰ ਲੰਬਾ ਹੁੰਦੇ ਵੇਖ ਅਕਾਲੀ ਦਲ ਤੋਂ ਕਿਨਾਰਾ ਕਰ ਗਏ ਹਨ। ਹੁਣ ਹਲਾਤ ਇਹ ਹਨ ਕਿ ਅਕਾਲੀ ਦਲ ਬਾਦਲ ਦੇ ਕਰਤਾ-ਧਰਤਾ ਸਿਰਫ਼ ਤੇ ਸਿਰਫ਼ ਸੁਖਬੀਰ ਸਿੰਘ ਬਾਦਲ ਹਨ। ਉਨ੍ਹਾਂ ਦੇ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਤਿੱਖੀ ਚਰਚਾ ਛਿੜ ਚੁੱਕੀ ਹੈ। ਜਿਸ 'ਚ ਪਟਿਆਲੇ ਤੋਂ ਸਾਬਕਾ ਸੰਸਦ ਧਰਮਵੀਰ ਗਾਂਧੀ ਨੇ ਵੀ ਆਪਣਾ ਹਿੱਸਾ ਪਾਇਆ ਹੈ।
ਧਰਮਵੀਰ ਗਾਂਧੀ ਨੇ ਇਸ ਨੂੰ ਨਿਰਪੱਖ ਚੋਣਾਂ ਦੀ ਥਾਂ ਪਰਿਵਾਰਵਾਦ ਦਾ ਮੁਜੱਸਮਾ ਦੱਸਿਆ। ਅਕਾਲੀ ਦਲ ਦੀ ਨਵੇਂ ਪ੍ਰਧਾਨ ਦੀ ਚੋਣ 'ਤੇ ਬੋਲਦੇ ਹੋਏ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਮੈਂ ਇਸ ਨੂੰ ਨਿਰਪੱਖ ਚੋਣ ਨਹੀਂ ਮੰਨਦਾ। ਉਨ੍ਹਾਂ ਕਿਹਾ ਕਿ ਆਪਣੇ ਸ਼ੁਰੂਆਤ ਦੌਰ 'ਚ ਅਕਾਲੀ ਦਲ ਲੋਕ ਸੇਵਾ ਨੂੰ ਸਮਰਪਿਤ ਪਾਰਟੀ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਇਸ 'ਤੇ ਬਾਦਲ ਪਰਿਵਾਰ ਕਾਬਿਜ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਹਨ।