ਨਾਭਾ: ਪਿਛਲੇ ਅੱਠ ਦਿਨ ਤੋਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਧਰਨੇ 'ਤੇ ਬੈਠੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੁਲਿਸ ਨੇ ਧੱਕੇ ਨਾਲ ਹਿਰਾਸਤ 'ਚ ਲਿਆ ਹੈ। ਪੁਲਿਸ ਮੁਤਾਬਕ ਇਹ ਆਗੂ ਧਰਨੇ 'ਤੇ ਬੈਠੇ ਸਨ, ਜਦੋਂ ਸਿਹਤ ਵਿਭਾਗ ਦੀਆਂ ਟੀਮਾਂ ਇਨ੍ਹਾਂ ਦੇ ਟੈਸਟ ਲਈ ਆਈਆਂ ਤਾਂ ਇਨ੍ਹਾਂ ਕੋਰੋਨਾ ਟੈਸਟ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਲੋਕਾਂ ਦੀ ਸੁੱਰਖਿਆਂ ਦੇ ਮੱਦੇਨਜ਼ਰ ਉਨ੍ਹਾਂ ਇਹ ਕਦਮ ਚੁੱਕਿਆ ਹੈ।
ਦੱਸ ਦਈਏ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਪਿਛਲੇ ਅੱਠ ਦਿਨ ਤੋਂ ਲਗਾਤਾਰ ਧਰਨੇ 'ਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਧਰਨੇ 'ਤੇ ਬੈਠੇ ਆਪ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਪੁਲਿਸ ਨੇ ਚੇਤਨ ਸਿੰਘ ਜ਼ੋੜੇਮਾਜਰਾ ,ਕਰਨਵੀਰ ਸਿੰਘ ਟਿਵਾਣਾ ,ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਬਰਿੰਦਰ ਸਿੰਘ ਬਿੱਟੂ ਗੁਰਦੇਵ ਸਿੰਘ ਦੇਵ ਮਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ 'ਤੇ ਆਪ ਆਗੂ ਵਰਿੰਦਰ ਬਿੱਟੂ ਅਤੇ ਕਰਨਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਅਸੀਂ ਧਰਮਸੋਤ ਦੇ ਖਿਲਾਫ ਇੱਥੇ ਸ਼ਾਂਤਮਈ ਧਰਨਾ ਦੇ ਰਹੇ ਸਨ ਪਰ ਪੁਲਿਸ ਸਾਨੂੰ ਕੋਰੋਨਾ ਟੈਸਟ ਦੇ ਬਹਾਨੇ ਗ੍ਰਿਫਤਾਰ ਕਰ ਰਹੀ ਹੈ ਅਤੇ ਪੁਲਿਸ ਸਾਡੇ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਅਸੀਂ ਇਨ੍ਹਾਂ ਦਾ ਕੋਰੋਨਾ ਟੈਸਟ ਕਰਨ ਲਈ ਆਏ ਸੀ ਪਰ ਪੁਲਿਸ ਵੱਲੋਂ ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ।
ਨਾਭਾ ਦੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਆਪ ਵਰਕਰ ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉੱਡਾ ਰਹੇ ਸਨ ਅਤੇ ਇਨ੍ਹਾਂ ਦਾ ਅੱਜ ਕੋਰੋਨਾ ਟੈਸਟ ਕਰਾਉਣਾ ਸੀ। ਉਨ੍ਹਾਂ ਵੱਲੋਂ ਟੈਸਟ ਲਈ ਇਨਕਾਰ ਕਰ ਦਿੱਤਾ ਗਿਆ। ਇਸ ਲਈ ਉਨ੍ਹਾਂ ਸਾਰੀਆਂ ਨੂੰ ਗ੍ਰਿਫਤਾਰ ਕਰਨਾ ਪਿਆ।