ਪਟਿਆਲਾ : ਘਨੌਰ ਦੇ ਪਿੰਡ ਰੁੜਕੀ ਦੇ ਸਰਪੰਚ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਉੱਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਇਸ ਹਮਲੇ 'ਚ ਸਰਪੰਚ ਦਾ ਭਰਾ ਤੇ ਪੁੱਤਰ ਗੰਭੀਰ ਜ਼ਖਮੀ ਹੋਏ ਹਨ। ਦੋਹਾਂ ਜ਼ਖਮੀਆਂ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਦੋਹਾਂ ਧਿਰਾਂ ਵਿਚਾਲੇ ਬਰਸਾਤੀ ਪਾਣੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਵਿਰੋਧੀ ਪੱਖ ਨੇ ਸਰਪੰਚ ਤੇ ਉਸ ਦੇ ਪਰਿਵਾਰ 'ਤੇ ਕਈ ਲੋਕਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਇਸ ਬਾਰੇ ਦੱਸਦੇ ਹੋਏ ਪੀੜਤ ਨੇ ਕਿਹਾ ਕਿ ਉਹ ਆਪਣੇ ਡੰਗਰਾਂ ਵਾਲੇ ਵਾੜੇ ਵਿੱਚ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਅਤੇ ਉਸ ਦੇ ਤਾਏ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਗਾਲਾਂ ਕੱਢੀਆਂ।
ਜਦੋਂ ਉਸ ਨੇ ਮੁਲਜ਼ਮਾਂ ਨੂੰ ਗਾਲਾਂ ਕੱਢਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਨਿਯਤ ਨਾਲ ਕੁੱਟਮਾਰ ਕੀਤੀ। ਮੰਗੇ ਸਿੰਘ ਨੇ ਕੋਈ ਨੁਕੀਲੀ ਚੀਜ ਉਸ ਦੇ ਸਿਰ ਵਿੱਰ ਮਾਰੀ ਤੇ ਛੁਡਾਉਣ ਆਏ ਉਸ ਦੇ ਪਿਤਾ ਰਣਜੀਤ ਸਿੰਘ, ਪੁੱਤਰ ਹੇਮਰਾਜ ਸਿੰਘ, ਭਰਾ ਰੁਪਿੰਦਰ ਸਿੰਘ, ਤਾਇਆ ਸੁਰਜੀਤ ਸਿੰਘ ਨਾਲ 14 ਲੋਕਾਂ ਨੇ ਕੁੱਟਮਾਰ ਕੀਤੀ। ਉਨ੍ਹਾਂ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।