ਲੁਧਿਆਣਾ : ਪੱਖੋਵਾਲ ਰੋਡ 'ਤੇ ਬਣਨ ਵਾਲਾ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਵੈਸਟ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਡਰੀਮ ਪ੍ਰਾਜੈਕਟ ਹੈ। ਇਸ ਪ੍ਰੋਜੈਕਟ ਦੀ ਮਿਆਦ ਫਰਵਰੀ 2022 ਤੱਕ ਪੂਰਾ ਕਰਨ ਦੀ ਸੀ, ਪਰ ਜਿਸ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ, ਇਸ ਪ੍ਰੋਜੈਕਟ ਦੇ ਮਿਆਦ ਤੱਕ ਪੂਰਾ ਹੋਣ ਦੇ ਆਸਾਰ ਨਹੀਂ ਲੱਗ ਰਹੇ। ਹਾਲਾਂਕਿ ਸਮਾਰਟ ਸਿਟੀ ਦੇ ਤਹਿਤ ਹੀ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾ ਰਿਹਾ ਹੈ। ਨਿਗਮ ਕਮਿਸ਼ਨਰ ਪਹਿਲਾਂ ਹੀ ਪ੍ਰੋਜੈਕਟ ਪੂਰਾ ਕਰਨ ਵਾਲੀ ਕੰਪਨੀ ਨੂੰ ਜਲਦ ਤੋਂ ਜਲਦ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੰਮ ਹਾਲੇ ਲਟਕਿਆ ਹੋਇਆ ਹੈ।
ਲੋਕ ਹੋ ਰਹੇ ਪ੍ਰੇਸ਼ਾਨ
ਪੱਖੋਵਾਲ ਰੋਡ ਤੇ ਚੱਲ ਰਹੇ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਨੂੰ ਲੈ ਕੇ ਲੋਕ ਖੱਜਲ ਖੁਆਰ ਹੋ ਰਹੇ ਹਨ। ਆਰ.ਓ.ਬੀ ਦੇ ਦੋ ਕਾਮਨ ਪਿੱਲਰਾਂ ਦਾ ਨਿਰਮਾਣ ਰੇਲਵੇ ਨੇ ਕਰਨਾ ਹੈ ਅਤੇ ਇਨ੍ਹਾਂ ਕਾਮਨ ਪਿੱਲਰਾਂ ਤੇ ਰੇਲਵੇ ਅਤੇ ਨਗਰ ਨਿਗਮ ਵੱਲੋਂ ਆਪਣੇ-ਆਪਣੇ ਹਿੱਸੇ ਦੀ ਸਲੈਬ ਬਣਾਉਣੀ ਹੈ। ਜਦੋਂ ਕਿ ਰੇਲਵੇ ਕਾਮਨ ਪਿੱਲਰ ਨੂੰ ਡਿਜ਼ਾਈਨ ਕਰਨ ਤੋਂ ਪਹਿਲਾਂ ਹੀ ਨਗਰ ਨਿਗਮ ਨੇ ਉਨ੍ਹਾਂ ਨੂੰ ਸਲੈਬ ਦੇ ਡਿਜ਼ਾਈਨ ਅਤੇ ਲੋਡ ਦੀ ਰਿਪੋਰਟ ਮੰਗੀ ਹੈ। ਨਗਰ ਨਿਗਮ ਦੇ ਅਫਸਰਾਂ ਨੇ ਦੋ ਮਹੀਨੇ ਤੱਕ ਸਲੈਬ ਦੇ ਡਿਜ਼ਾਈਨ ਅਤੇ ਲੋਡ ਦੀ ਰਿਪੋਰਟ ਦੇਣ ਨੂੰ ਕਿਹਾ ਸੀ ਜੋ ਹਾਲੇ ਤੱਕ ਪੂਰੀ ਨਹੀਂ ਦਿੱਤੀ ਗਈ।
ਇਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਖੋਵਾਲ ਰੋਡ ਮੁੱਖ ਰੋਡ ਹੈ, ਜਿੱਥੋਂ ਰੇਲਵੇ ਲਾਈਨਾਂ ਹੋਣ ਕਰਕੇ ਲੋਕਾਂ ਨੂੰ ਇੱਥੋਂ ਲੰਘਣ ਲਈ ਭਾਰੀ ਸਮੱਸਿਆ ਹੁੰਦੀ ਹੈ। ਨਿਰਮਾਣ ਕਾਰਜ ਚੱਲਣ ਕਰਕੇ ਧੂੜ ਮਿੱਟੀ ਨਾਲ ਲੋਕਾਂ ਨੂੰ ਜੂਝਣਾ ਪੈਂਦਾ ਹੈ ਅਤੇ ਇਹ ਰੋਡ ਜ਼ਿਲ੍ਹਾ ਕਚਹਿਰੀ ਭਾਰਤ ਨਗਰ ਚੌਂਕ ਅਤੇ ਹੋਰਨਾਂ ਹਿੱਸਿਆਂ ਨੂੰ ਜੋੜਦੀ ਹੈ, ਜਿਸ ਕਰਕੇ ਇਸ 'ਤੇ ਟ੍ਰੈਫਿਕ ਵੀ ਕਾਫ਼ੀ ਰਹਿੰਦਾ ਹੈ।
ਇਹ ਵੀ ਪੜ੍ਹੋ :ਨਵੀਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ : ਡੀ.ਐਸ ਪਟਵਾਲੀਆ