ਲੁਧਿਆਣਾ: ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਤੋਂ ਬਾਅਦ ਹੁਣ ਲੋਕਾਂ ਨੂੰ ਕੁਝ ਰਾਹਤ ਮਿਲਦੀ ਵਿਖਾਈ ਦੇ ਰਹੀ ਹੈ। ਧੂੰਧ ਤੋਂ ਬਾਅਦ ਲੋਕਾਂ ਨੂੰ ਸੂਰਜ ਦੀ ਤਪਸ਼ ਮਹਿਸੂਸ ਹੋਣ ਲੱਗ ਗਈ ਹੈ।
ਇਸ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਂਦੇ ਦਿਨਾਂ 'ਚ ਦਿਨ ਦਾ ਪਾਰਾ ਹੋਰ ਵਧੇਗਾ ਅਤੇ ਇਹ 24-25 ਡਿਗਰੀ ਤੱਕ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਕਿਸਾਨ ਫ਼ਸਲ 'ਤੇ ਸਪਰੇਅ ਕਰਨਾ ਚਾਹੁੰਦੇ ਹਨ ਉਹ ਫਿਲਹਾਲ ਥੋੜ੍ਹੀ ਦੇਰ ਰੁੱਕ ਜਾਣ।
ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਮੌਸਮ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਪਾਰਾ ਵੀ ਦਿਨ ਦਾ ਕਾਫੀ ਵਧੇਗਾ। ਉਨ੍ਹਾਂ ਕਿਹਾ ਕਿ ਆਉਂਦੇ 2 ਦਿਨ ਤੱਕ ਤੇਜ਼ ਹਵਾਵਾਂ ਜ਼ਰੂਰ ਚੱਲਣ ਦੀ ਭਵਿੱਖਬਾਣੀ ਹੈ, ਇਸ ਕਰਕੇ ਜੋ ਕਿਸਾਨ ਫ਼ਸਲਾਂ 'ਤੇ ਸਪਰੇਅ ਕਰਨਾ ਚਾਹੁੰਦੇ ਹਨ ਉਹ ਇਨ੍ਹਾਂ ਦਿਨਾਂ 'ਚ ਸਪਰੇਅ ਨਾ ਕਰਨ।
ਨਾਲ ਹੀ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਦਿਨ ਦਾ ਪਾਰਾ ਵਧਣ ਕਰਕੇ ਜਿਹੜੀਆਂ ਜਿਹੜੀਆਂ ਥਾਵਾਂ 'ਤੇ ਕਣਕ ਸਬਜ਼ੀਆਂ ਅਤੇ ਸਰੋ ਨੂੰ ਪਾਣੀ ਦੀ ਲੋੜ ਹੈ, ਕਿਸਾਨ ਉਨ੍ਹਾਂ ਨੂੰ ਪਾਣੀ ਲਾ ਸਕਦੇ ਹਨ। ਪਰ ਜੇਕਰ ਬਹੁਤੀਆਂ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਉਹ ਫ਼ਸਲ ਨੂੰ ਪਾਣੀ ਵੀ ਫਿਲਹਾਲ ਨਾ ਲਾਉਣ ਕਿਉਂਕਿ ਇਸ ਦਾ ਨੁਕਸਾਨ ਫ਼ਸਲ ਨੂੰ ਹੋ ਸਕਦਾ ਹੈ।