ਲੁਧਿਆਣਾ:ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਉੱਥੇ ਪੜ੍ਹ ਰਹੇ ਭਾਰਤੀਆਂ ਤੇ ਵੀ ਪੈ ਰਿਹਾ ਹੈ। ਯੂਕਰੇਨ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਭਾਰਤੀ ਰਹਿ ਰਹੇ ਹਨ ਇੰਨਾ ਹੀ ਨਹੀਂ ਹਜ਼ਾਰਾਂ ਵਿਦਿਆਰਥੀ ਦੇਸ਼ ਦੇ ਕੋਨੇ-ਕੋਨੇ ਤੋਂ ਜਾ ਕੇ ਯੂਕਰੇਨ ਆਪਣੀ ਪੜ੍ਹਾਈ ਕਰ ਰਹੇ ਹਨ।
ਜੰਗ ਤੋਂ ਬਾਅਦ ਹੁਣ ਉਹ ਸਾਰੇ ਵਿਦਿਆਰਥੀ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਆਪੋ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਪਰ ਏਅਰ ਲਾਈਨ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਯੂਕਰੇਨ ਤੋਂ ਵਾਪਿਸ ਆਈ ਜਾਨ੍ਹਵੀ ਖੁਰਾਨਾ ਨੇ ਉੱਥੇ ਹੀ ਹਾਲਤ ਦੀ ਜਾਣਕਾਰੀ ਈਟੀਵੀ ਭਾਰਤ ਨੂੰ ਦਿੱਤੀ।
ਜਾਨ੍ਹਵੀ ਖੁਰਾਨਾ ਨੇ ਦੱਸਿਆ ਕਿ ਉਹ ਜਿਸ ਸ਼ਹਿਰ ਵਿੱਚ ਰਹਿੰਦੀ ਸੀ ਉੱਥੇ ਅਸਰ ਘੱਟ ਸੀ ਪਰ ਹੁਣ ਹੌਲੀ-ਹੌਲੀ ਰੂਸ ਦੇ ਹਮਲੇ ਦਾ ਅਸਰ ਪੂਰੇ ਯੂਕਰੇਨ ਸ਼ਹਿਰ ਚ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਵਾਪਿਸ ਆਈ ਸੀ ਉਸ ਸਮੇਂ ਏਅਰਲਾਈਂਸ ਚੱਲ ਰਹੀ ਸੀ ਪਰ ਹੁਣ ਏਅਰਲਾਈਂਸ ਵੀ ਬੰਦ ਹੋ ਚੁੱਕੀਆਂ ਹਨ। ਜਦੋਂ ਉਹ ਆਈ ਸੀ ਤਾਂ ਉਸ ਨੂੰ ਟਿਕਟ ਕਾਫੀ ਮਹਿੰਗੀ ਪਈ ਸੀ ਪਰ ਉਸ ਵਰਗੀਆਂ ਕਈ ਅਜਿਹੀਆਂ ਵਿਦਿਆਰਥਣਾਂ ਹਨ ਜੋ ਉੱਥੇ ਹਾਲੇ ਵੀ ਫਸੀਆਂ ਹੋਈਆਂ ਹਨ। ਕਿਉਂਕਿ ਹੁਣ ਰੂਸ ਨੇ ਆਪਣੀ ਫੌਜੀ ਕਾਰਵਾਈ ਦੇ ਵਿੱਚ ਵਾਧਾ ਕਰ ਦਿੱਤਾ ਹੈ ਇਸ ਕਰਕੇ ਉਹ ਅਤੇ ਉਨ੍ਹਾਂ ਦੇ ਪਰਿਵਾਰ ਪਰੇਸ਼ਾਨ ਹਨ। ਜਾਨ੍ਹਵੀ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਉੱਥੇ ਰਹਿ ਰਹੇ ਹਨ ਉਹ ਵੀ ਕਾਫੀ ਸਹਿਮੇ ਹੋਏ ਹਨ।