ਲੁਧਿਆਣਾ: ਪਿੰਡ ਦਾਦ ਵਿੱਚ ਚੱਲ ਰਹੇ ਸੀਵਰੇਜ ਦੇ ਕੰਮ ਦੀ ਪੁਟਾਈ ਦੇ ਦੌਰਾਨ ਮਿੱਟੀ ਦੀਆਂ ਢਿੱਗਾਂ ਡਿੱਗਣ ਕਰਕੇ ਤਿੰਨ ਪਰਵਾਸੀ ਮਜ਼ਦੂਰ ਹੇਠਾਂ ਦੱਬ ਗਏ। ਜਿਨ੍ਹਾਂ ਵਿੱਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਸ ਬਾਰੇ ਦੱਸਦੇ ਹੋਏ ਪਿੰਡ ਦਾਦ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ 'ਚ ਪਿਛਲੇ ਕੁੱਝ ਦਿਨਾਂ ਤੋਂ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ। ਅੱਜ ਸੀਵਰੇਜ ਲਈ ਮਿੱਟੀ ਪੁੱਟਣ ਵੇਲੇ ਅਚਾਨਕ ਮਿੱਟੀ ਦੀ ਢਿੱਗ ਡਿੱਗਣ ਕਾਰਨ ਤਿੰਨ ਮਜ਼ਦੂਰ ਤੇ ਇੱਕ ਠੇਕੇਦਾਰ ਹੇਠਾਂ ਦੱਬ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਠੇਕੇਦਾਰ ਤੇ ਇੱਕ ਮਜ਼ਦੂਰ ਨੂੰ ਬਚਾ ਲਿਆ ਗਿਆ ਜਦਕਿ ਹੋਰਨਾਂ ਦੋ ਮਜ਼ਦੂਰਾਂ ਨੂੰ ਜਦ ਬਾਹਰ ਕੱਢਿਆ ਗਿਆ ਤਦ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਚਰਨਜੀਤ ਨੇ ਦੱਸਿਆ ਕਿ ਇਹ ਹਾਦਸਾ ਪੰਚਾਇਤੀ ਕੰਮ ਦੌਰਾਨ ਵਾਪਰਿਆ ਇਸ ਲਈ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰ ਨੂੰ ਡੇਢ-ਡੇਢ ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।