ਲੁਧਿਆਣਾ: ਆਏ ਦਿਨ ਵਿਦੇਸ਼ ਭੇਜਣ ਦੇ ਨਾਂਅ 'ਤੇ ਲੋਕਾਂ ਨਾਲ ਠੱਗੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਮਾਮਲਾ ਖੰਨਾ ਵਿਖੇ ਸਾਹਮਣੇ ਆਇਆ ਹੈ। ਇਥੇ ਇੱਕ ਟ੍ਰੈਵਲ ਏਜੰਟ ਨੇ ਤਕਰੀਬਨ 35 ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ।ਲੋਕਾਂ ਨੇ ਟ੍ਰੈਵਲ ਏਜੰਟ ਦੇ ਨਾਲ ਕੰਮ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕਰ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਿਤ ਨਾਂਅ ਦੇ ਕਰਿੰਦੇ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਕੰਮ ਨਾ ਹੋਣ ਦੇ ਚਲਦੇ ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੋ ਗਈ ਹੈ। ਜਿਸ ਕਾਰਨ ਉਹ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਇੱਕ ਸਥਾਨਕ ਟ੍ਰੈਵਲ ਕੰਪਨੀ 'ਚ ਵੀਜ਼ੇ ਲਈ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਨਾਂਅ ਦੇ ਟਰੈਵਲ ਏਜੰਟ ਤੇ ਅਮਿਤ ਕੁਮਾਰ ਨਾਂਅ ਦੇ ਉਸ ਦੇ ਸਾਥੀ ਨੇ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਭੇਜਣ ਲਈ ਲੱਖਾਂ ਰੁਪਏ ਲਏ ਸਨ। ਉਨ੍ਹਾਂ ਸਾਰੇ ਹੀ ਲੋਕਾਂ ਨੂੰ ਇੱਕ ਤਰੀਕ ਦਿੱਤੀ ਸੀ। ਜਦੋਂ ਕਿ ਵੀਜ਼ਾ ਲਗਵਾਉਣ ਵਾਲੇ ਲੋਕ ਵੱਖ-ਵੱਖ ਦੇਸ਼ ਜਾਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚ ਕੇ ਏਅਰਪੋਰਟ ਅਧਿਕਾਰੀਆਂ ਨੇ ਉਨ੍ਹਾਂ ਨੂੰ ਵੀਜ਼ਾ ਤੇ ਟਿਕਟਾਂ ਜਾਲੀ ਹੋਣ ਬਾਰੇ ਦੱਸਿਆ। ਇਸ ਲਈ ਉਨ੍ਹਾਂ ਨੇ ਟ੍ਰੈਵਲ ਏਜੰਟ ਦੇ ਸਾਥੀ ਅਮਿਤ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।