ਲੁਧਿਆਣਾ:ਜ਼ਿਲ੍ਹੇ ਤੋਂ ਹਾਸਰਸ ਕਲਾਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਟੀਟੂ ਬਾਣੀਆ ਵੱਲੋਂ ਸ਼ਹਿਰ ਦੇ ਹੰਬੜਾਂ ਰੋਡ ’ਤੇ ਖੜ੍ਹੀਆਂ ਸਿਟੀ ਬੱਸਾਂ ਦੀ ਝਾੜੂ ਮਾਰ ਕੇ ਸਫ਼ਾਈ ਕੀਤੀ। ਇਸ ਦੌਰਾਨ ਟੀਟੂ ਬਾਣੀਆ ਨੇ ਬੱਸਾਂ ਦੇ ਵਿੱਚ ਵੜ ਕੇ ਬੱਸਾਂ ਦੇ ਹਾਲਾਤ ਵੀ ਦਿਖਾਏ।
ਇਸ ਦੌਰਾਨ ਟੀਟੂ ਬਾਈਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹ ਸੱਤਾ ਤੇ ਕਾਬਜ਼ ਹੋਣਗੇ ਤਾਂ ਲੁਧਿਆਣਾ ਵਿਚ ਬਰਬਾਦ ਹੋ ਰਹੀਆਂ ਸਿਟੀ ਬੱਸਾਂ ਮੁੜ ਤੋਂ ਚਲਾਈਆਂ ਜਾਣਗੀਆਂ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇਗੀ ਪਰ ਸੱਤਾ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਇੱਥੇ ਧਿਆਨ ਨਹੀਂ ਦਿੱਤਾ ਗਿਆ।
ਸਿਟੀ ਬੱਸਾਂ ਦੀ ਖਸਤਾ ਹਾਲਤ ’ਤੇ ਬੋਲਦਿਆਂ ਟੀਟੂ ਬਾਣੀਆ ਨੇ ਕਿਹਾ ਕਿ ਜਨਤਾ ਦੇ ਪੈਸੇ ਦੇ ਟੈਕਸਾਂ ਦੇ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਬੱਸਾਂ ਖਰੀਦੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਿਰਫ ਲੁਧਿਆਣਾ ਵਿਚ ਹੀ ਸਿਟੀ ਬੱਸਾਂ ਚੱਲਦੀਆਂ ਸਨ ਜੋ ਲੁਧਿਆਣਾ ਦੀ ਸ਼ਾਨ ਸਨ ਪਰ ਇਹ ਸ਼ਾਨ ਹੁਣ ਕਬਾੜ ਦਾ ਰੂਪ ਧਾਰ ਰਹੀਆਂ ਹਨ।
ਟੀਟੂ ਬਾਈਏ ਨੇ ਸਿਟੀ ਬੱਸਾਂ ਦੀ ਸਫਾਈ ਉਹਨਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਦੀ ਮਨਸ਼ਾ ਇਹ ਬੱਸਾਂ ਚਲਾਉਣ ਦੀ ਨਹੀਂ ਹੈ ਤਾਂ ਘੱਟੋ ਘੱਟ ਇਨ੍ਹਾਂ ਨੂੰ ਬੋਲੀ ਲਗਾ ਕੇ ਵੇਚ ਹੀ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਤੋਂ ਹਾਸਿਲ ਹੋਣ ਵਾਲੇ ਪੈਸਿਆਂ ਨੂੰ ਖਜ਼ਾਨੇ ’ਚ ਪਾਇਆ ਜਾ ਸਕੇ। ਟੀਟੂ ਬਾਣੀਆ ਨੇ ਕਿਹਾ ਕਿ ਜੇਕਰ ਬੱਸਾਂ ਨਾ ਚਲਾਈਆਂ ਗਈਆਂ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ।
ਕਾਬਿਲੇਗੌਰ ਹੈ ਕਿ ਨਗਰ ਨਿਗਮ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਸਿਟੀ ਬੱਸਾਂ ਖਰੀਦੀਆਂ ਗਈਆਂ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਬੱਸਾਂ ਤਾਸ਼ਪੁਰ ਰੋਡ ’ਤੇ ਅਤੇ ਕੁਝ ਬੱਸਾਂ ਹੰਬੜਾਂ ਰੋਡ ਤੇ ਖੜੀਆਂ ਹੋ ਰਹੀਆਂ ਹਨ। ਦੱਸ ਦਈਏ ਕਿ ਤਾਜਪੁਰ ਡਿੱਪੂ ਦੇ ਵਿੱਚ 37 ਬੱਸਾਂ ਖ਼ਰਾਬ ਖੜ੍ਹੀਆਂ ਹਨ। ਨਗਰ ਨਿਗਮ ਵੱਲੋਂ ਪਹਿਲਾਂ ਇਨ੍ਹਾਂ ਬੱਸਾਂ ਨੂੰ ਵੇਚ ਕੇ ਛੋਟੀਆਂ ਇਲੈਕਟ੍ਰਿਕ ਬੱਸਾਂ ਖ਼ਰੀਦਣ ਸਬੰਧੀ ਵੀ ਵਿਚਾਰਾਂ ਕੀਤੀਆਂ ਜਾ ਰਹੀਆਂ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਇਹ ਬੱਸਾਂ 62.20 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਗਰ ਨਿਗਮ ਵੱਲੋਂ ਖ਼ਰੀਦੀਆਂ ਗਈਆਂ ਸਨ, ਪਰ ਸ਼ਹਿਰ ਵਿਚ ਟ੍ਰੈਫਿਕ ਅਤੇ ਪ੍ਰਦੂਸ਼ਣ ਕਰਕੇ ਇਨ੍ਹਾਂ ਬੱਸਾਂ ਨੂੰ ਚੱਲਣ ’ਤੇ ਰੋਕ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਇਹ ਹੁਣ ਖੜੀਆਂ ਖਰਾਬ ਹੋ ਰਹੀਆਂ ਹਨ। ਇਸ ਨੂੰ ਲੈ ਕੇ ਲਗਾਤਾਰ ਸਿਆਸਤ ਵੀ ਭਖੀ ਰਹੀ ਸੀ। ਪਹਿਲਾਂ ਕਾਂਗਰਸ ਫਿਰ ਅਕਾਲੀ ਅਤੇ ਸੱਤਾ ’ਤੇ ਕਾਬਜ਼ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੀ ਇਨ੍ਹਾਂ ਬੱਸਾਂ ਦੀ ਸਫ਼ਾਈ ਕਰਵਾ ਕੇ ਚਲਾਉਣ ਦੀ ਗੱਲ ਆਖੀ ਗਈ ਸੀ ਅਤੇ ਹੁਣ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਮੁੜ ਤੋਂ ਵਿਰੋਧੀਆਂ ਨੇ ਸਿਟੀ ਬੱਸਾਂ ਨੂੰ ਲੈ ਕੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜੋ:ਬੇਖੌਫ ਲੁਟੇਰਿਆ ਨੇ ਦਿਨ ਦਿਹਾੜੇ ਬੈਂਕ ਚੋਂ ਲੁੱਟੇ 6 ਲੱਖ, ਜਾਂਚ ’ਚ ਜੁੱਟੀ ਪੁਲਿਸ