ਲੁਧਿਆਣਾ: ਸ਼ਹਿਰ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਇਕ ਵਾਰੀ ਮੁੜ ਤੋਂ ਵੇਖਣ ਨੂੰ ਮਿਲਿਆ ਹੈ। ਲੁਧਿਆਣਾ ਦੇ ਸਮਰਾਲਾ ਚੌਕ ਵਿਚ ਗੁਰੂ ਅਰਜਨ ਦੇਵ ਨਗਰ ਰੋਡ 'ਤੇ ਨਗਰ ਨਿਗਮ ਦੇ ਟਿੱਪਰ ਵੱਲੋਂ ਇੱਕ ਬਜੁਰਗ ਨੂੰ ਦਰੜ ਦਿੱਤਾ। ਇਸ ਕਾਰਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਰਾਮ ਨਗਰ ਦਾ ਰਹਿਣ ਵਾਲਾ ਜੋਗਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 75 ਸਾਲ ਦੇ ਕਰੀਬ ਹੈ। ਟਿੱਪਰ ਨਗਰ ਨਿਗਮ ਦਾ ਸੀ ਅਤੇ ਤਾਜਪੁਰ ਰੋਡ ਕੁੜੇ ਦੇ ਡੰਪ 'ਤੇ ਜਾ ਰਿਹਾ ਸੀ।
ਮੁਲਜ਼ਮ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਇਹ ਹਾਦਸਾ ਹੋਇਆ, ਉਸ ਸਮੇਂ ਬਜ਼ੁਰਗ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕੇ ਟਿੱਪਰ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਗ਼ਲਤ ਦਿਸ਼ਾ ਵਿੱਚ ਆ ਕੇ ਉਸ ਨੇ ਬਜ਼ੁਰਗ ਨੂੰ ਦਰੜਿਆ। ਭੜਕੇ ਲੋਕਾਂ ਨੇ ਟਰੱਕ 'ਤੇ ਪੱਥਰਬਾਜ਼ੀ ਕੀਤੀ ਜਿਸ ਕਰਕੇ ਟਰੱਕ ਦੇ ਸ਼ੀਸ਼ੇ ਵੀ ਟੁੱਟ ਗਏ।
ਲੋਕਾਂ ਨੇ ਕਿਹਾ ਕਿ ਇਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸ਼ਨ ਨੇ ਇਸ ਤੋਂ ਸਬਕ ਨਹੀਂ ਲਿਆ ਹੈ। ਲੋਕਾਂ ਨੇ ਕਿਹਾ ਕਿ ਇਸ ਵਿੱਚ ਸਾਰੀ ਗ਼ਲਤੀ ਟਿੱਪਰ ਚਾਲਕ ਦੀ ਹੈ ਜਿਸ ਕਰਕੇ ਉਹ ਮੌਕੇ ਤੋਂ ਫਰਾਰ ਹੋ ਗਿਆ, ਪਰ ਟਿੱਪਰ ਨਗਰ ਨਿਗਮ ਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕੇ ਜਲਦ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿਚ ਹੋਵੇਗਾ।
ਮੌਕੇ 'ਤੇ ਮੌਜੂਦ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਜਦੋਂ ਟਿੱਪਰ ਨੇ ਬਜ਼ੁਰਗ ਨੂੰ ਦਰੜਿਆ, ਉਸ ਸਮੇਂ ਉਹ ਆਪਣੀ ਸਾਈਡ ਜਾ ਰਿਹਾ ਸੀ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਸ਼ਨਾਖਤ ਜੋਗਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 75 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਰਾਮ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਆਪਣੇ ਘਰ ਉਹ ਸੈਰ ਕਰਨ ਲਈ ਨਿਕਲਿਆ ਸੀ।