ਲੁਧਿਆਣਾ: ਜ਼ਿਲ੍ਹੇ ਵਿੱਚ ਜੱਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਵਸ ਦੇ ਸਬੰਧ ਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵਿਸ਼ੇਸ਼ ਤੋਰ ’ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਹਨ। ਇਸ ਮੌਕੇ ਲੁਧਿਆਣਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਮੌਜੂਦ ਹੈ। ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 50 ਦਿਨ ਵੀ ਪੂਰੇ ਹੋ ਚੁਕੇ ਹਨ।
'ਜੁਲਮ ਖਿਲਾਫ ਲੜਨ ਦੀ ਪ੍ਰੇਰਨਾ ਮਿਲੀ': ਇਸ ਦੌਰਾਨ ਸੀਐੱਮ ਭਗਵੰਤ ਮਾਨ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜੱਸਾ ਸਿੰਘ ਰਾਮਗੜੀਆ ਨੂੰ ਯਾਦ ਕੀਤਾ ਜਾ ਰਿਹਾ ਹੈ। ਸਾਡੇ ਖੂਨ ਚ ਜੁਲਮ ਖਿਲਾਫ ਲੜਨ ਦੀ ਪ੍ਰੇਰਨਾ ਸਾਡੇ ਇਤਿਹਾਸ ਤੋਂ ਮਿਲੀ ਹੈ। ਸੀਐੱਮ ਮਾਨ ਨੇ ਕਿਹਾ ਕਿ ਜੇਕਰ ਉਸ ਸਮੇਂ ਬਾਬਰ ਦੇ ਖਿਲਾਫ ਬੋਲਿਆ ਜਾ ਸਕਦਾ ਸੀ ਤਾਂ ਹੀ ਇਹ ਸਾਡੇ ਹਿੱਸੇ ਚ ਆਇਆ ਹੈ। ਅੱਜ ਵੀ ਜੁਲਮ ਹੋ ਰਹੇ ਹਨ ਪਹਿਲਾਂ ਬੇਗਾਨੇ ਕਰਦੇ ਸੀ ਹੁਣ ਆਪਣੇ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣਿਆਂ ਨੇ ਹੀ ਲੁੱਟਿਆ ਹੈ ਅਤੇ ਕੋਈ ਤਰੀਕਾ ਨਹੀਂ ਛੱਡਿਆ ਹੈ।
'ਸਰਕਾਰ ਨੂੰ 50 ਦਿਨ ਪੂਰੇ': ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਸਰਕਾਰ ਨੂੰ 50 ਦਿਨ ਪੂਰੇ ਹੋ ਗਏ ਹਨ। ਉਨ੍ਹਾਂ ਵੱਲੋਂ 26 ਹਜ਼ਾਰ ਨੌਕਰੀਆਂ ਦਾ ਐਲਾਨ ਕੀਤਾ ਗਿਆ ਹੈ। 26 ਹਜ਼ਾਰ ਨੌਕਰੀਆਂ ਦਾ ਅੱਜ ਇਸ਼ਤਿਹਾਰ ਅਖਬਾਰਾਂ ’ਚ ਲੱਗ ਚੁੱਕਾ ਹੈ। ਬਹੁਤ ਸਾਰੇ ਫੈਸਲੇ ਲੈਣੇ ਹਨ ਜੋ ਕਿ ਅਗਲੇ ਬਜਟ ਸੈਸ਼ਨ ’ਚ ਲਏ ਜਾਣਗੇ।
ਸੀਐੱਮ ਮਾਨ ਨੇ ਵਿਰੋਧੀਆਂ ਨੂੰ ਘੇਰਿਆ: ਸੀਐੱਮ ਮਾਨ ਨੇ ਵਿਰੋਧੀਆਂ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ 25 ਸਾਲਾਂ ਬਾਅਦ ਕੋਠੀ ਖਾਲੀ ਕਰਵਾਈ ਹੈ। ਜਵਾਕਾਂ ਵਾਂਗ ਕੋਠੀ ਖਾਲੀ ਨਹੀਂ ਹੁੰਦੀ ਸੀ। ਇਨ੍ਹਾਂ ਹੀ ਨਹੀਂ ਗਨਮੈਨ ਛੱਡਣ ਨੂੰ ਵੀ ਤਿਆਰ ਨਹੀਂ ਸੀ। ਉਨ੍ਹਾਂ ਕਿਹਾ ਕਿ ਹਰ ਫੀਲਡ ’ਚ ਰਿਟਾਇਰਮੈਂਟ ਦੀ ਉਮਰ ਹੈ। ਪਰ ਸਿਆਸਤ ਚ ਕੋਈ ਰਿਟਾਇਰਮੈਂਟ ਨਹੀਂ ਹੈ। ਇੱਥੇ 94 ਸਾਲਾਂ ਦੇ ਕਾਗਜ਼ ਭਰਦੇ ਹਨ। ਆਪਸ ਚ ਸਾਰੇ ਰਲੇ ਮਿਲੇ ਪਏ ਹਨ। ਸੁਰਜਮੁਖੀ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਰਹਿਣਾ ਹੈ।