ਲੁਧਿਆਣਾ: ਸ਼ਹਿਰ ਵਿੱਚ ਵੱਧ ਰਹੇ ਕੋਰੋਨਾ ਦੇ ਕਹਿਰ ਵਿੱਚ ਪੁਲਿਸ ਮਹਿਕਮਾ ਵੀ ਆਪਣੀ ਡਿਊਟੀ ਸਖ਼ਤੀ ਨਾਲ ਦੇ ਰਿਹਾ ਹੈ। ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨਾਂ ਵਿੱਚ ਵੀ ਵਾਧਾ ਹੋਇਆ ਹੈ। ਇਸੇ ਦੌਰਾਨ ਏਸੀਪੀ ਕੇਂਦਰੀ ਵਰਿਆਮ ਸਿੰਘ ਨੇ ਕੋਰੋਨਾ ਤੋਂ ਬਚਾਅ ਲਈ ਨਵਾਂ ਤਰੀਕਾ ਲੱਭਿਆ ਹੈ। ਏਸੀਪੀ ਨੇ ਆਪਣੇ ਦਫ਼ਤਰ ਨੂੰ ਪੂਰੀ ਤਰ੍ਹਾਂ ਹਾਈਟੈਕ ਕਰ ਲਿਆ ਹੈ।
ਵਰਿਆਮ ਸਿੰਘ ਆਪਣੇ ਦਫ਼ਤਰ ਵਿੱਚ ਅਫਸਰਾਂ ਅਤੇ ਲੋਕਾਂ ਦੇ ਨਾਲ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਬਣਾਏ ਗਏ ਕੈਬਿਨ ਦੀ ਵਰਤੋਂ ਕਰਦੇ ਹਨ। ਦਫ਼ਤਰ ਦੇ ਵਿੱਚ ਵਿਸ਼ੇਸ਼ ਯੂ.ਵੀ. ਕਿਰਨਾਂ ਦਾ ਬਾਕਸ ਵੀ ਲਗਾਇਆ ਗਿਆ। ਇਸ ਬਾਕਸ ਵਿੱਚ ਕੁੱਝ ਦੇਰ ਫਾਈਲਾਂ ਰੱਖਣ ਤੋਂ ਬਾਅਦ ਪੂਰੀ ਤਰ੍ਹਾਂ ਸੈਨੇਟਾਈਜ਼ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਹੀ ਇਨ੍ਹਾਂ ਫਾਈਲਾਂ 'ਤੇ ਏਸੀਪੀ ਦਸਖ਼ਤ ਕਰਦੇ ਹਨ ਅਤੇ ਇਨ੍ਹਾਂ ਫਾਈਲਾਂ ਨੂੰ ਦਫ਼ਤਰੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
ਏਸੀਪੀ ਵਰਿਆਮ ਸਿੰਘ ਦੇ ਦਫ਼ਤਰ ਦਾ ਸਾਡੀ ਟੀਮ ਨੇ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਅਤੇ ਵਰਿਆਮ ਸਿੰਘ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਭ ਤੋਂ ਜ਼ਿਆਦਾ ਉਨ੍ਹਾਂ ਦੇ ਇਲਾਕੇ ਵਿੱਚ ਹੀ ਕੰਟੋਨਮੈਂਟ ਜ਼ੋਨ ਹਨ ਅਤੇ ਜੇਕਰ ਇਸ ਬਿਮਾਰੀ ਨਾਲ ਲੜਨਾ ਹੈ ਤਾਂ ਪੁਲਿਸ ਨੂੰ ਆਪਣਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਅਫ਼ਸਰ ਹੀ ਬੀਮਾਰੀ ਨਾਲ ਪੀੜਤ ਹੋ ਜਾਣਗੇ ਤਾਂ ਆਮ ਲੋਕਾਂ ਨੂੰ ਇਸ ਬੀਮਾਰੀ ਤੋਂ ਕੌਣ ਬਚਾਏਗਾ।