ਲੁਧਿਆਣਾ: ਸ਼ਹਿਰ ਵਿਚ ਬੀਤੇ ਦਿਨੀਂ ਸੁੰਦਰ ਨਗਰ ਵਿਚ ਗੋਲਡ ਲੋਨ ਕੰਪਨੀ (Gold Loan Company) 'ਚ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਇਸ ਲੁੱਟ ਦੀ ਘਟਨਾ ਨੂੰ ਉਥੇ ਤਾਇਨਾਤ ਸਕਿਓਰਿਟੀ ਗਾਰਡ (Security guard) ਵਲੋਂ ਰੋਕ ਲਿਆ ਗਿਆ ਅਤੇ ਉਸ ਨੇ ਇਕ ਲੁਟੇਰੇ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ (CCTV Footage) ਵਿਚ ਕੈਦ ਹੋ ਗਈ। ਸੀਸੀਟੀਵੀ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਕਿਓਰਿਟੀ ਗਾਰਡ ਵਲੋਂ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ।
ਸਕਿਓਰਿਟੀ ਗਾਰਡ ਨੇ ਦਿਖਾਈ ਦਿਲੇਰੀ
ਪਹਿਲਾਂ ਤਾਂ ਸਕਿਓਰਿਟੀ ਗਾਰਡ ਵਲੋਂ ਸ਼ਟਰ ਬੰਦ ਕਰਕੇ ਉਨ੍ਹਾਂ ਲੁਟੇਰਿਆਂ ਨੂੰ ਅੰਦਰ ਹੀ ਡੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਸਕਿਓਰਿਟੀ ਗਾਰਡ ਵਲੋਂ ਸ਼ਟਰ ਪੂਰੀ ਤਰ੍ਹਾਂ ਬੰਦ ਨਾ ਹੋ ਸਕਿਆ ਤਾਂ ਸਕਿਓਰਿਟੀ ਗਾਰਡ ਵਲੋਂ ਹੇਠਾਂ ਉਤਰਦੇ-ਉਤਰਦੇ ਗੋਲੀ ਚਲਾ ਦਿੱਤੀ ਗਈ, ਜੋ ਕਿ ਇਕ ਲੁਟੇਰੇ ਨੂੰ ਲੱਗੀ ਅਤੇ ਉਹ ਥਾਈਂ ਹੀ ਢੇਰ ਹੋ ਗਿਆ। ਸਕਿਓਰਿਟੀ ਗਾਰਡ ਨੇ ਪੌੜੀਆਂ ਉਤਰ ਕੇ ਹੇਠਾਂ ਵਾਲਾ ਗੇਟ ਬੰਦ ਕਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਲੁਟੇਰੇ ਭੱਜਦੇ ਹੋਏ ਛੱਤ ਵੱਲ ਜਾਂਦੇ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social media) ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਵਲੋਂ ਸੀਸੀਟੀਵੀ ਦੀ ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਦੇ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ।