ਲੁਧਿਆਣਾ: ਸ਼ਹਿਰ ਦੇ ਆਰਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਨੇ ਪ੍ਰਾਈਵੇਟ ਸਕੂਲਾਂ ਖਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਰੋਹਿਤ ਸਭਰਵਾਲ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਕੋਲੋਂ ਮਨਮਰਜ਼ੀ ਮੁਤਾਬਕ ਫੀਸ ਵਸੂਲਣ ਦਾ ਵਿਰੋਧ ਕਰ ਰਹੇ ਹਨ।
ਰੋਹਿਤ ਸਭਰਵਾਲ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਾਰੇ ਹੀ ਸਕੂਲ ਬੰਦ ਸਨ। ਇਸ ਦੌਰਾਨ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਵੀ ਨਾਮਾਤਰ ਹੀ ਕਰਵਾਈ ਗਈ। ਸਕੂਲ ਨਾ ਖੁੱਲ੍ਹਣ ਦੇ ਬਾਵਜੂਦ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਮੁਤਾਬਕ ਵਿਦਿਆਰਥੀਆਂ ਤੋਂ ਫੀਸ ਵਸੂਲ ਕਰ ਰਹੇ ਹਨ।
ਪ੍ਰਾਈਵੇਟ ਸਕੂਲਾਂ ਖਿਲਾਫ ਖੋਲ੍ਹਿਆ ਮੋਰਚਾ ਇਸ ਦੇ ਲਈ ਪ੍ਰਬੰਧਕਾਂ ਵੱਲੋਂ ਲਗਾਤਾਰ ਮਾਪਿਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੌਜੂਦਾ ਸਮੇਂ 'ਚ ਸਕੂਲ ਵੱਲੋਂ ਸਕੂਲ ਦੀ ਮੈਨਟੇਨਸ, ਟਿਊਸ਼ਨ ਫੀਸ, ਆਨਲਾਈਨ ਫੀਸ ਦੇ ਪੈਸੇ ਵਸੂਲੇ ਜਾ ਰਹੇ ਹਨ। ਜਦਕਿ ਸਕੂਲ ਨਾ ਖੁੱਲ੍ਹਣ 'ਤੇ ਮੈਨਟੇਨਸ ਦਾ ਖ਼ਰਚਾ ਨਹੀਂ ਲਿਆ ਜਾ ਸਕਦਾ, ਆਨਲਾਈਨ ਪੜ੍ਹਾਈ ਇੱਕ ਐਪ ਰਾਹੀਂ ਕਰਵਾਈ ਜਾ ਰਹੀ ਹੈ, ਜੋ ਕਿ ਮੁਫ਼ਤ ਹੈ। ਉਨ੍ਹਾਂ ਨੇ ਸਕੂਲ ਵੱਲੋਂ ਇੰਝ ਫੀਸ ਮੰਗਣ ਨੂੰ ਮਾਪਿਆਂ ਨਾਲ ਲੁੱਟ ਕਰਨਾ ਆਖਿਆ ਹੈ।
ਉਨ੍ਹਾਂ ਕਿਹਾ ਕਿ 2017-18, 2018-19 ਨੂੰ ਇਨ੍ਹਾਂ ਸਕੂਲਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਖਾਤੇ ਸਬੰਧੀ ਰੈਗੂਲੇਟਰੀ ਨੂੰ ਬਿਉਰਾ ਨਹੀਂ ਦਿੱਤਾ ਗਿਆ। ਇਥੋਂ ਤੱਕ ਕਿ ਸਕੂਲ ਰੈਗੂਲੇਟਰੀ ਵੱਲੋਂ ਵੀ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਾਰੇ ਹੀ ਲੋਕ ਮਿਲੇ ਹੋਏ ਹਨ।
ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਸ਼ਹਿਰ ਦੇ 17 ਪ੍ਰਾਈਵੇਟ ਸਕੂਲਾਂ ਬਾਰੇ ਆਰਟੀਆਈ ਦਾਖਲ ਕੀਤੀ ਸੀ ਪਰ ਸਕੂਲਾ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਲਈ ਉਹ ਪ੍ਰਾਈਵੇਟ ਸਕੂਲਾਂ ਵਿਰੁੱਧ ਮੋਰਚਾ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਮਾਪੇ ਉਨ੍ਹਾਂ ਦੇ ਧਰਨੇ 'ਚ ਸ਼ਾਮਲ ਹੋਣ ਨਾ ਪੁੱਜਣ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਮਰਜ਼ੀ ਨਾਲ ਫੀਸ ਵਸੂਲਣ ਨੂੰ ਲੈ ਕੇ ਆਰਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਨੇ ਸ਼ਹਿਰ ਦੇ ਜਲੰਧਰ ਬਾਈਪਾਸ ਰੋਡ 'ਤੇ ਸਥਿਤ ਪ੍ਰਾਈਵੇਟ ਸਕੂਲ ਗ੍ਰੀਨ ਲੈਂਡ ਸਕੂਲ ਦੇ ਬਾਹਰ ਇੱਕਲੇ ਹੀ ਧਰਨਾ ਦਿੱਤਾ ਸੀ।