ਲੁਧਿਆਣਾ: ਰੇਹੜੀ ਫੜੀ ਯੂਨੀਅਨ ਵੱਲੋਂ ਕਾਂਗਰਸ ਸਰਕਾਰ ਅਤੇ ਕਾਰਪੋਰੇਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ 'ਚ ਵੱਡੀ ਤਦਾਦ 'ਚ ਚ ਰੇਹੜੀਆਂ ਤੇ ਫੜੀਆਂ ਲਗਾਉਣ ਵਾਲਿਆਂ ਨੇ ਹਿੱਸਾ ਲਿਆ। ਇਹ ਰੋਸ ਪ੍ਰਦਰਸ਼ਨ ਲੁਧਿਆਣਾ ਦੇ ਜਗਰਾਓਂ ਪੁਲ 'ਤੇ ਕੀਤਾ ਗਿਆ।
ਲੁਧਿਆਣਾ ਦੀ ਰੇਹੜੀ ਫੜੀ ਯੂਨੀਅਨ ਨੇ ਕਾਂਗਰਸ ਤੇ ਕਾਰਪੋਰੇਸ਼ਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਲੁਧਿਆਣਾ ਦੀ ਰੇਹੜੀ ਫੜੀ ਯੂਨੀਅਨ ਵੱਲੋਂ ਕਾਂਗਰਸ ਸਰਕਾਰ ਅਤੇ ਕਾਰਪੋਰੇਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਹੱਦਬੰਦੀ ਕੀਤੇ ਜਾਣ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 31 ਜਨਵਰੀ ਨੂੰ ਮੁਕੰਮਲ ਤੌਰ ਸਪਲਾਈ ਠੱਪ ਕੀਤੇ ਜਾਣ ਦਾ ਐਲਾਨ ਕੀਤਾ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਕਾਂਗਰਸ ਸਰਕਾਰ ਤੇ ਨਗਰ ਨਿਗਮ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਸ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰੇਹੜੀਆਂ ਫੜੀਆਂ ਵਾਲਿਆਂ ਦੀ ਸਾਰ ਕੋਈ ਵੀ ਮੰਤਰੀ ਨਹੀਂ ਲੈ ਰਿਹਾ। ਇਸ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨੇ ਲਾਉਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 31 ਜਨਵਰੀ ਨੂੰ ਰੇਹੜੀਆਂ ਫੜੀਆਂ ਮੁਕੰਮਲ ਤੌਰ 'ਤੇ ਬੰਦ ਕਰਕੇ ਸਪਲਾਈ ਠੱਪ ਕਰ ਦਿੱਤੀ ਜਾਵੇਗੀ। ਉਨ੍ਹਾਂ ਸਾਰੇ ਰੇਹੜੀ ਫੜੀਆਂ ਵਾਲੇ ਨੂੰ ਇਕਜੁੱਟ ਹੋ ਕੇ ਸਰਕਾਰ ਅਤੇ ਨਗਰ ਨਿਗਮ ਦੇ ਵਿਰੁੱਧ ਸੰਘਰਸ਼ ਕਰਨ ਲਈ ਅਪੀਲ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਰੇਹੜੀ ਫੜੀ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਹੈ ਕਿ ਜਦੋਂ ਤੋਂ ਲੁਧਿਆਣਾ ਦੇ ਵੱਖ ਵੱਖ ਥਾਵਾਂ ਦੀ ਹੱਦਬੰਦੀ ਕੀਤੀ ਗਈ ਹੈ ,ਉਦੋਂ ਤੋਂ ਰੇਹੜੀ ਫੜੀਆਂ ਵਾਲਿਆਂ ਨੂੰ ਲਗਾਤਾਰ ਨਗਰ ਨਿਗਮ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਹ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀ ਮੁਲਾਕਾਤ ਕਰਨ ਲਈ ਗਏ ਸਨ, ਪਰ ਉਨ੍ਹਾਂ ਵੱਲੋਂ ਸਾਫ਼ ਜਵਾਬ ਦਿੱਤਾ ਗਿਆ ਉਹ ਰੇਹੜੀ ਫੜੀਆਂ ਲਗਾਉਣ ਵਾਲਿਆਂ ਨੂੰ ਇੱਕ ਫੁੱਟ ਥਾਂ ਵੀ ਨਹੀਂ ਦੇਣਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਰੇਹੜੀਆਂ ਫੜੀਆਂ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਪਰ ਨਗਰ ਨਿਗਮ ਅਧਿਕਾਰੀ ਲਗਾਤਾਰ ਉਨ੍ਹਾਂ ਨੂੰ ਥਾਂ ਅਲਾਟ ਕਰਨ ਨੂੰ ਲੈ ਕੇ ਤੰਗ ਪਰੇਸ਼ਾਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਕਰਦੀ ਤਾਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।